ਹੁਣ 'ਕੈਸ਼ ਫ਼ਾਰ ਪਾਸਪੋਰਟ' ਦੇ 'ਉਦਯੋਗ' ਉਤੇ ਹੈ ਸਰਕਾਰ ਦੀ ਤਿੱਖੀ ਨਜ਼ਰ

ਏਜੰਸੀ

ਖ਼ਬਰਾਂ, ਪੰਜਾਬ

ਹੁਣ 'ਕੈਸ਼ ਫ਼ਾਰ ਪਾਸਪੋਰਟ' ਦੇ 'ਉਦਯੋਗ' ਉਤੇ ਹੈ ਸਰਕਾਰ ਦੀ ਤਿੱਖੀ ਨਜ਼ਰ

image

image

image

ਕੈਨੇਡਾ ਦੀ ਨਾਗਰਿਕਤਾ ਲੈਣ ਤੋਂ ਬਾਅਦ 100 ਤੋਂ ਵੱਧ ਦੇਸ਼ਾਂ ਵਿਚ ਜਾਣ ਲਈ ਵੀਜ਼ਾ ਨਹੀਂ ਲੈਣਾ ਪੈਂਦਾ

ਲੁਧਿਆਣਾ, 8 ਫ਼ਰਵਰੀ : ਖ਼ਬਰ ਕੈਨੇਡਾ ਨਾਲ ਜੁੜੀ ਹੋਈ ਹੈ ਜਿਥੇ ਜਾਣ ਜਾਂ ਜਿਥੇ ਦੀ ਨਾਗਰਿਕਤਾ ਲੈਣ ਲਈ ਕਾਫ਼ੀ ਲੋਕ ਪਾਗਲ ਦਿਖਾਈ ਦਿੰਦੇ ਹਨ ਪਰ ਜਿਹੜੇ ਲੋਕ ਕਿਸੇ ਵੀ ਹਾਲ ਵਿਚ ਕੈਨੇਡਾ ਦੀ ਨਾਗਰਿਕਤਾ ਲੈਣ ਲਈ ਉਤਾਵਲੇ ਹਨ ਜਾਂ ਕੁੱਝ ਕਥਿਤ ਏਜੰਟਾਂ ਵਲੋਂ 'ਜੁਗਾੜ' ਲਾ ਕੇ ਕੈਨੇਡਾ ਦੀ ਨਾਗਰਿਕਤਾ ਦਿਵਾਉਣ ਦਾ ਜੇਕਰ ਕਿਹਾ ਜਾ ਰਿਹਾ ਹੈ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲੈਣਾ, ਬਹੁਤ ਕੰਮ ਆਵੇਗੀ | ਭਰੋਸੇਯੋਗ ਵਸੀਲਿਆਂ ਅਤੇ ਕੁੱਝ ਮੀਡੀਆ ਰਿਪੋਰਟਾਂ ਤੋਂ ਪਤਾ ਲਗਿਆ ਹੈ ਕਿ ਕੈਨੇਡਾ ਵਿਚ ਪੈਸਾ ਖ਼ਰਚ ਕਰ ਕੇ ਕਿਸੇ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਦੇ ਮਾਮਲੇ ਵਿਚ ਕੈਨੇਡਾ ਨੂੰ  ਰਾਸ਼ਟਰੀ ਸੁਰੱਖਿਆ ਸਬੰਧੀ ਖ਼ਤਰਾ ਦਰਪੇਸ਼ ਹੋ ਸਕਦਾ ਹੈ, ਇਸ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ |
'ਕੈਸ਼ ਫ਼ਾਰ ਪਾਸਪੋਰਟ' ਭਾਵ ਪੈਸੇ ਦੇ ਕੇ ਕਿਸੇ ਦੇਸ਼ ਦਾ ਪਾਸਪੋਰਟ (ਨਾਗਰਿਕਤਾ) ਹਾਸਲ ਕਰਵਾਉਣ ਵਿਚ ਲੱਗੇ ਲੋਕ ਹੁਣ ਇਸ ਨੂੰ  ਉਦਯੋਗ ਦਾ ਰੂਪ ਦੇ ਰਹੇ ਹਨ ਅਤੇ ਇਸ ਉਦਯੋਗ ਦੇ ਅੰਦਰੂਨੀ ਸਰੋਤਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਕਈ ਹਿੱਸਿਆਂ ਵਿਚ ਇਹ ਧੰਦਾ ਹੁਣ ਗੋਰਖ-ਧੰਦਾ ਬਣ ਚੁਕਿਆ ਹੈ | ਚੀਨ, ਰੂਸ, ਮੱਧ ਏਸ਼ੀਆ ਦੇ ਦੇਸ਼ਾਂ ਦੇ 'ਅਮੀਰ ਵਿਅਕਤੀਆਂ' ਨਾਲ ਕੈਨੇਡਾ ਵਿਚ ਬੈਠੇ ਇਹ 'ਏਜੰਟ' ਸੰਪਰਕ ਕਰਦੇ ਹਨ ਅਤੇ ਉਨ੍ਹਾਂ ਨੂੰ  ਕੈਨੇਡਾ ਦੀ ਨਾਗਰਿਕਤਾ ਇੱਥੋਂ ਦੇ 'ਇਨਵੈਸਟਮੈਂਟ ਪ੍ਰੋਗਰਾਮ' ਰਾਹੀਂ ਦਿਵਾਉਂਦੇ ਹਨ | ਬਦਲੇ ਵਿਚ ਲੱਖਾਂ ਡਾਲਰ ਦਾ ਕਮਿਸ਼ਨ ਲਿਆ ਜਾਂਦਾ ਹੈ ਅਤੇ ਇਹ ਕਮਿਸ਼ਨ ਕੈਨੇਡਾ ਦੇ ਧੰਦੇਬਾਜ਼ਾਂ ਦੇ ਹੱਥਾਂ ਵਿਚ ਜਾ ਰਿਹਾ ਦਸਿਆ ਜਾਂਦਾ ਹੈ | ਅੰਦਾਜ਼ਾ ਹੈ ਕਿ ਕੈਨੇਡਾ ਦੀ ਸਿਟੀਜ਼ਨ ਇਨਵੈਸਟਮੈਂਟ ਇਕ ਅਰਬ ਡਾਲਰ ਤੋਂ ਲੈ ਕੇ 10 ਅਰਬ ਡਾਲਰ ਤਕ ਹੋ ਸਕਦੀ ਹੈ | ਇਸ ਤਰ੍ਹਾਂ ਦੀ ਮਹਿੰਗੀ ਨਾਗਰਿਕਤਾ ਲੈਣ ਪਿੱਛੇ ਇਨ੍ਹਾਂ ਅਮੀਰਾਂ ਦਾ ਇਕ ਮਕਸਦ ਇਹ ਹੁੰਦਾ ਹੈ ਕਿ ਇਨ੍ਹਾਂ ਨੂੰ  ਅਜਿਹਾ ਪਾਸਪੋਰਟ ਮਿਲ ਜਾਂਦਾ ਹੈ ਜਿਸ ਉਤੇ 100 ਤੋਂ ਵੱਧ ਦੇਸ਼ਾਂ ਵਿਚ ਜਾਣ ਲਈ ਵੀਜ਼ਾ ਨਹੀਂ ਲੈਣਾ ਪੈਂਦਾ | ਜੇ ਅਜਿਹਾ ਪਾਸਪੋਰਟ ਇਨ੍ਹਾਂ ਕੋਲ ਨਹੀਂ ਹੁੰਦਾ ਤਾਂ ਇਨ੍ਹਾਂ ਨੂੰ  ਹਰ ਵਾਰੀ ਕਿਸੇ ਵੀ ਦੇਸ਼ ਵਿਚ ਜਾਣ ਲਈ ਲੰਮੇਰੀ ਕਾਨੂੰਨੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ, ਖ਼ਾਸ ਕਰ ਕੇ ਚੀਨ ਅਤੇ ਰੂਸ ਵਰਗੇ ਦੇਸ਼ਾਂ ਦੇ ਨਾਗਰਿਕਾਂ ਨੂੰ  | ਉਨ੍ਹਾਂ ਨੂੰ  ਵੀਜ਼ਾ ਹਾਸਲ ਕਰਨ ਲਈ ਦਰਖ਼ਾਸਤ ਦੇਣੀ ਪੈਂਦੀ ਹੈ |