Bharat Ratna to Master Tara Singh: MP ਵਿਕਰਮਜੀਤ ਸਾਹਨੀ ਨੇ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ 

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਭਾਰਤ ਦੇ ਸਭ ਤੋਂ ਵੱਧ ਦੇਸ਼ ਭਗਤ ਨਾਗਰਿਕ ਹਨ ਅਤੇ ਉਹਨਾ ਨੇ ਮਾਤ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਹੁਣ ਵੀ ਕਰ ਰਹੇ ਹਨ।  

Vikramjit Singh Sahney

Bharat Ratna to Master Tara Singh: ਚੰਡੀਗੜ੍ਹ - ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿਚ ਮੰਗ ਕੀਤੀ ਹੈ ਕਿ ਮਾਸਟਰ ਤਾਰਾ ਸਿੰਘ ਨੂੰ ਪੰਜਾਬ ਨੂੰ ਭਾਰਤ ਨਾਲ ਜੋੜਨ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ। ਸਾਹਨੀ ਨੇ ਕਿਹਾ ਕਿ ਉਹ ਮਾਸਟਰ ਤਾਰਾ ਸਿੰਘ ਹੀ ਸਨ ਜਿਨ੍ਹਾਂ ਨੇ ਜਿਨਾਹ ਦੀ ਤਜਵੀਜ਼ ਨੂੰ ਠੁਕਰਾ ਦਿੱਤਾ ਅਤੇ ਫ਼ੈਸਲਾ ਕੀਤਾ ਕਿ ਪੰਜਾਬ ਅਤੇ ਸਿੱਖ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਨ।

ਸਾਹਨੀ ਨੇ ਇਹ ਵੀ ਕਿਹਾ ਕਿ ਜੇਕਰ ਇਹ ਫ਼ੈਸਲਾ ਨਾ ਲਿਆ ਗਿਆ ਹੁੰਦਾ ਤਾਂ ਪਾਕਿਸਤਾਨ ਦੀ ਸਰਹੱਦ ਗੁੜਗਾਉਂ ਤੱਕ ਹੁੰਦੀ ਨਾ ਕਿ ਅਟਾਰੀ ਤੱਕ। ਵਿਕਰਮਜੀਤ ਸਾਹਨੀ ਨੇ ਇਹ ਵੀ ਦੱਸਿਆ ਕਿ ਕਿਵੇਂ ਵੰਡ ਦੌਰਾਨ ਸਿੱਖਾਂ ਨੇ ਦੁੱਖੜੇ ਝੱਲੇ, ਜਿਸ ਦੌਰਾਨ 5 ਲੱਖ ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਲੱਖਾਂ ਪੰਜਾਬੀਆਂ ਨੂੰ ਉਜਾੜੇ ਦਾ ਦੁੱਖ ਸਹਿਣਾ ਪਿਆ ਅਤੇ ਨਾਲ ਹੀ ਆਪਣੀ ਉਪਜਾਊ ਜ਼ਮੀਨ ਅਤੇ  ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਵਾਲੇ ਪਵਿੱਤਰ ਅਸਥਾਨ ਨੂੰ ਪਾਕਸਤਾਨ ਵਿਚ ਛੱਡ ਕੇ ਉਥੋਂ ਨਿਕਲਣਾ ਪਿਆ। ਸਾਹਨੀ ਨੇ ਅੱਗੇ ਕਿਹਾ ਕਿ ਸਿੱਖ ਭਾਰਤ ਦੇ ਸਭ ਤੋਂ ਵੱਧ ਦੇਸ਼ ਭਗਤ ਨਾਗਰਿਕ ਹਨ ਅਤੇ ਉਹਨਾ ਨੇ ਮਾਤ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਹੁਣ ਵੀ ਕਰ ਰਹੇ ਹਨ।