Moga News: ਕਤਲ ਮਾਮਲੇ 'ਚ ਦੋ ਭਰਾਵਾਂ ਨੂੰ ਹੋਈ ਉਮਰ ਕੈਦ ਦੀ ਸਜ਼ਾ
ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਭਰਨ ਦੇ ਵੀ ਦਿਤੇ ਹੁਕਮ
ਮੋਗਾ (ਬਿੱਟੂ ਗਰੋਵਰ) : ਜ਼ਿਲ੍ਹਾ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਲਗਭਗ 3 ਸਾਲ ਪਹਿਲਾਂ ਨੌਜਵਾਨ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ-ਇਕ ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਦਿਤੇ ਹਨ।
ਜੁਰਮਾਨਾ ਅਦਾ ਨਾ ਕੀਤਾ ਗਿਆ ਤਾਂ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਵਾਧੂ ਕੈਦ ਵੀ ਕੱਟਣੀ ਪਵੇਗੀ। ਪੀੜਤ ਪੱਖ ਵਲੋਂ ਸਰਕਾਰੀ ਵਕੀਲ ਐਡਵੋਕੇਟ ਕੁਲਦੀਪ ਸਾਹਨੀ ਨੇ ਸੁਣਵਾਈ ਦੌਰਾਨ ਅਦਾਲਤ ਵਿਚ ਪੱਕੇ ਸਬੂਤ ਅਤੇ ਗਵਾਹ ਪੇਸ਼ ਕੀਤੇ। ਦੱਸ ਦਈਏ ਕਿ 2 ਅਪ੍ਰੈਲ 2023 ਨੂੰ ਥਾਣਾ ਧਰਮਕੋਟ ਪੁਲਿਸ ਨੂੰ ਦਿਤੀ ਗਈ ਸ਼ਿਕਾਇਤ ਵਿਚ ਮ੍ਰਿਤਕ ਰਛਪਾਲ ਸਿੰਘ ਉਰਫ਼ ਸਾਜਨ ਦੇ ਪਿਤਾ ਜਗਸੀਰ ਸਿੰਘ ਨੇ ਦਸਿਆ ਸੀ ਕਿ ਪਿੰਡ ਦੇ ਹੀ ਤੋਤਾ ਸਿੰਘ ਦੇ ਪੁੱਤਰ ਗੁਰਤੇਜ ਸਿੰਘ ਉਰਫ਼ ਕੱਦੂ ਅਤੇ ਉਸ ਦੇ ਭਰਾ ਛਿੰਦਾ ਸਿੰਘ ਨੇ ਸਾਜ਼ਿਸ਼ ਤਹਿਤ ਘਟਨਾ ਤੋਂ ਪਹਿਲਾਂ ਦੀ ਰਾਤ ਫ਼ੋਨ ਕਰ ਕੇ ਅਪਣੇ ਘਰ ਬੁਲਾਇਆ ਸੀ।
ਇਸ ਤੋਂ ਬਾਅਦ ਰਛਪਾਲ ਸਿੰਘ ਘਰ ਵਾਪਸ ਨਹੀਂ ਆਇਆ। ਪੁਲਿਸ ਨੇ ਘਟਨਾ ਤੋਂ ਇਕ ਦਿਨ ਬਾਅਦ ਰਛਪਾਲ ਸਿੰਘ ਦੀ ਲਾਸ਼ ਨਜ਼ਦੀਕੀ ਨਹਿਰ ਵਿਚੋਂ ਬਰਾਮਦ ਕੀਤੀ। ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਵਲੋਂ ਗੁਰਤੇਜ ਸਿੰਘ ਉਰਫ਼ ਕੱਦੂ ਅਤੇ ਉਸ ਦੇ ਭਰਾ ਛਿੰਦਾ ਸਿੰਘ ਵਿਰੁਧ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ।