ਚੱਪੜਚਿੜੀ ਦੇ ਮੈਦਾਨ ’ਚ ਖੇਤੀ ਕਾਨੂੰਨਾਂ ਨੂੰ ਲੈ ਕੇ ਨਰਿੰਦਰ ਮੋਦੀ ਵਿਰੁਧ ਹੋਈ ਇਕ ਵੱਡੀ ਰੈਲੀ

ਏਜੰਸੀ

ਖ਼ਬਰਾਂ, ਪੰਜਾਬ

ਚੱਪੜਚਿੜੀ ਦੇ ਮੈਦਾਨ ’ਚ ਖੇਤੀ ਕਾਨੂੰਨਾਂ ਨੂੰ ਲੈ ਕੇ ਨਰਿੰਦਰ ਮੋਦੀ ਵਿਰੁਧ ਹੋਈ ਇਕ ਵੱਡੀ ਰੈਲੀ

image

ਗੁਰਨਾਮ ਸਿੰਘ ਚਡੂਨੀ, ਬਲਦੇਵ ਸਿਰਸਾ ਤੇ ਜਗਜੀਤ ਸਿੰਘ ਡੱਲੇਵਾਲ ਰੈਲੀ ਵਿਚ ਹੋਏ ਸ਼ਾਮਲ

ਐਸ.ਏ.ਐਸ ਨਗਰ, 7 ਮਾਰਚ (ਸੁਖਦੀਪ ਸਿੰਘ ਸੋਈ): ਅੱਜ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ  ਚੱਪੜਚਿੜੀ ਵਿਖੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੇਂਦਰ ਸਰਕਾਰ ਵਿਰੁਧ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਮਹਾਂ ਸਭਾ ਕਰਵਾਈ ਗਈ ਜਿਸ ਵਿਚ ਗੁਰਦੁਆਰਾ ਤਾਲਮੇਲ ਕਮੇਟੀ ਮੋਹਾਲੀ, ਬਾਬਾ ਗਾਜ਼ੀ ਦਾਸ ਕਲੱਬ ਮੋਹਾਲੀ, ਯੂਨਾਈਟਿਡ ਸਿੱਖ, ਮੁਹਾਲੀ ਇੰਡਸਟਰੀ ਐਸੋਸੀਏਸ਼ਨ, ਅੰਤਰਰਾਸ਼ਟਰੀ ਪੁਆਧੀ ਸਭਾ, ਕਿਸਾਨ ਵੈੱਲਫੇਅਰ ਸੁਸਾਇਟੀ ਪੰਜਾਬ, ਨਾਨਕ ਹੱਟ ਅਤੇ ਮੋਹਾਲੀ ਡਿਵੈੱਲਪਮੈਂਟ ਵੈੱਲਫ਼ੇਅਰ ਐਸੋਸੀਏਸ਼ਨ ਵਰਗੇ ਸੰਗਠਨਾਂ ਦੇ ਕਾਰਕੁਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ  ਅਤੇ ਭਾਜਪਾ ਦੇ ਹੁਕਮ ਰਾਜ ਨੂੰ ਰੱਜ ਕੇ ਕੋਸਿਆ। ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਥੇੜੀ ਨੇ ਕਿਹਾ ਕਿ ਭਾਜਪਾ ਨੂੰ  ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਅਤੇ ਮੁੱਢ ਤੋਂ ਹੀ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਨਾ ਸਮਝੇ ਕਿ ਕਿਸਾਨ ਥੱਕ ਹਾਰ ਕੇ  ਵਾਪਸ ਅਪਣੇ ਘਰਾਂ ਨੂੰ ਚਲੇ ਜਾਣਗੇ। ਉਨ੍ਹਾਂ ਕਿਹਾ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਹੁਣ ਲੰਬਾ ਚੱਲੇਗਾ ਅਤੇ ਹੁਣ ਉਨ੍ਹਾਂ ਦੇ ਨਾਲ ਕਿਸਾਨਾਂ ਦੀਆਂ ਬੀਬੀਆਂ  ਵੀਹ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਅਤੇ ਇਸ ਸੰਘਰਸ਼ ਦਾ ਹਿੱਸਾ ਬਣ ਰਹੀਆਂ ਹਨ। ਇਸ ਕਿਸਾਨ ਮਹਾਂ ਸਭਾ ਦਾ ਆਯੋਜਨ ਨੌਜਵਾਨ ਕਿਸਾਨ ਏਕਤਾ ਦੇ ਆਗੂਆਂ ਪਰਨੀਤ ਸਿੰਘ ਹਰਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਨੌਜਵਾਨਾਂ ਅਤੇ ਬੀਬੀਆਂ ਦੀ ਲਾਮਬੰਦੀ ਪਿੰਡਾਂ ਦੀਆਂ ਸੱਥਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਹਨ। ਕਿਸਾਨ ਮਹਾਂ ਸਭਾ ਵਿਚ ਸੰਯੁਕਤ ਮੋਰਚੇ ਦੇ ਆਗੂ ਗੁਰਨਾਮ ਸਿੰਘ ਚਡੂਨੀ, ਬਲਦੇਵ ਸਿੰਘ ਸਿਰਸਾ, ਜਗਜੀਤ ਸਿੰਘ ਡੱਲੇਵਾਲ, ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ, ਅੰਤਰਰਾਸ਼ਟਰੀ ਪੁਆਧੀ ਸਭਾ ਦੇ ਗੁਰਪ੍ਰੀਤ ਸਿੰਘ ਨਿਆਮੀਆਂ ਜ਼ੋਰਾ ਸਿੰਘ ਭੁੱਲਰ ਸਾਬਕਾ ਸਰਪੰਚ ਚੱਪੜਚਿੜੀ ਹਰਦੀਪ ਸਿੰਘ ਬਠਲਾਣਾ, ਕੁਲਵੰਤ ਸਿੰਘ ਤਿ੍ਰਪੜੀ, ਕਿਰਪਾਲ ਸਿੰਘ ਸਿਆਊ, ਡਾ. ਕਰਮਜੀਤ ਸਿੰਘ ਚਿੱਲਾ ਸਮੇਤ ਹੋਰ ਪ੍ਰਮੁੱਖ ਆਗੂ ਨੌਜਵਾਨ ਅਤੇ ਕਿਸਾਨ ਪਹੁੰਚੇ ਹੋਏ ਸਨ।  ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਜੋ ਏਜੰਸੀਆਂ ਕਿਸਾਨ ਅੰਦੋਲਨ ਵਿਚ ਅੜਿੱਕੇ ਡਾਹ ਰਹੀਆਂ ਹਨ ਜਿਸ ਨਾਲ ਕਿਸਾਨ ਅੰਦੋਲਨ ਹੋਰ  ਤੇਜ਼ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦਾ ਉਦੇਸ਼ ਕਿਸਾਨ ਅੰਦੋਲਨ ਦੀ ਲਹਿਰ ਨੂੰ ਹੋਰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਫੈਲਾਉਣਾ ਹੈ। ਉਨ੍ਹਾਂ ਵਿਚ ਪਛਮੀ ਬੰਗਾਲ, ਕਰਨਾਟਕ,ਮੱਧ ਪ੍ਰਦੇਸ਼ ਅਤੇ ਉੜੀਸਾ ਸ਼ਾਮਲ ਹਨ।