ਸਿੱਖ ਧਾਰਮਿਕ ਚਿੰਨ੍ਹਾਂ ਦੇ ਕਾਰੋਬਾਰ ’ਤੇ ਵਧੀ ਗੁਜਰਾਤ ਦੀ ਪਕੜ
ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਐਸਜੀਪੀਸੀ ਲਈ ਸਰਕਾਰ ਨੂੰ ਪੁਖ਼ਤਾ ਕਦਮ ਚੁੱਕਣੇ ਚਾਹੀਦੇ ਹਨ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਪੰਜਾਬ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਜਿੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ, ਉੱਥੇ ਹੀ ਉਹ ਇਨ੍ਹਾਂ ਅਸਥਾਨਾਂ ਤੋਂ ਯਾਦਗਾਰ ਵਜੋਂ ਸਿੱਖੀ ਨਾਲ ਜੁੜੀ ਕੋਈ ਵਸਤੂ ਜ਼ਰੂਰ ਲੈ ਕੇ ਜਾਂਦੇ ਹਨ, ਜਿਸ ਦੇ ਚਲਦਿਆਂ ਦੁਕਾਨਦਾਰਾਂ ਦੀ ਚੰਗੀ ਰੋਜ਼ੀ ਰੋਟੀ ਚਲਦੀ ਸੀ ਪਰ ਹੁਣ ਪੰਜਾਬ ਵਿਚ ਧਾਰਮਿਕ ਚਿੰਨ੍ਹਾਂ ਨੂੰ ਤਿਆਰ ਕਰਨ ਵਾਲੀ ਸਨਅਤ ਕਾਫ਼ੀ ਕਮਜ਼ੋਰ ਹੋ ਚੁੱਕੀ ਹੈ ਜਦਕਿ ਇਸ ’ਤੇ ਗੁਜਰਾਤ ਦੀਆਂ ਸਨਅਤਾਂ ਨੇ ਅਪਣਾ ਕਬਜ਼ਾ ਜਮਾ ਲਿਆ ਹੈ।
ਕਰੋੜਾਂ ਰੁਪਏ ਦੀਆਂ ਮਸ਼ੀਨਾਂ ਨਾਲ ਤਿਆਰ ਹੋ ਕੇ ਗੁਜਰਾਤ ਦੇ ਰਾਏਕੋਟ ਵਿਚ ਤਿਆਰ ਹੋਣ ਵਾਲੀਆਂ ਕਿਰਪਾਨਾਂ ਅਤੇ ਹੋਰ ਧਾਰਮਿਕ ਚਿੰਨ੍ਹਾਂ ਦਾ ਸਮਾਨ ਕਾਫ਼ੀ ਕਿਫ਼ਾਇਤੀ ਅਤੇ ਸਸਤਾ ਪੈਂਦਾ ਹੈ, ਜਿਸ ਕਰਕੇ ਲੋਕ ਹੁਣ ਪੰਜਾਬ ਦੇ ਬਣੇ ਸਮਾਨ ਨੂੰ ਅਣਦੇਖਿਆ ਕਰ ਰਹੇ ਨੇ ਅਤੇ ਇਸ ਦਾ ਅਸਰ ਪੰਜਾਬ ਦੀ ਸਬੰਧਤ ਇੰਡਸਟਰੀ ’ਤੇ ਪੈ ਰਿਹਾ ਏ।
ਇਸ ਸਬੰਧੀ ਗੱਲਬਾਤ ਕਰਦਿਆਂ ਦੁਕਾਨਦਾਰ ਦਵਿੰਦਰਪਾਲ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਐਸਜੀਪੀਸੀ ਲਈ ਸਰਕਾਰ ਨੂੰ ਪੁਖ਼ਤਾ ਕਦਮ ਚੁੱਕਣੇ ਚਾਹੀਦੇ ਹਨ।
ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਗੁਜਰਾਤੀ ਅਤੇ ਚੀਨੀ ਵਪਾਰੀ ਪੰਜਾਬ ਦੀਆਂ ਧਾਰਮਿਕ ਰਵਾਇਤਾਂ ਤੋਂ ਨਾਵਾਕਿਫ਼ ਹਨ। ਉਨ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੂੰ ਬੇਨਤੀ ਕਰਦਿਆਂ ਆਖਿਆ ਕਿ ਧਾਰਮਿਕ ਚਿੰਨ੍ਹ ਬਣਾਉਣ ਵਾਲੇ ਕਾਰਖ਼ਾਨੇ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ। ਯਕੀਨਨ ਤੌਰ ’ਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ, ਇਸ ਦੇ ਲਈ ਸਰਕਾਰ ਅਤੇ ਸ਼ੋ੍ਰਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਹੈ।