ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦਾ ਢਿੱਡ ਭਰ ਰਹੀ ਮਾਨਸਾ ਦੀ ਪਰਵੀਨ
'ਤਾਲਾਬੰਦੀ ਤੋਂ ਬਾਅਦ ਘਰ ਚਲਾਉਣਾ ਹੋ ਗਿਆ ਸੀ ਮੁਸ਼ਕਿਲ'
ਮਾਨਸਾ( ਪਰਦੀਪ ਰਾਣਾ): ਬੇਸ਼ੱਕ ਮਰਦਾਂ ਵੱਲੋਂ ਪਹਿਲਾਂ ਔਰਤਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਲਿਖਾਈ ਤੋਂ ਇਲਾਵਾ ਇਕੱਲਿਆਂ ਬਾਹਰ ਜਾਣ ਦੀ ਆਜ਼ਾਦੀ ਨਹੀਂ ਸੀ ਪਰ ਹੁਣ ਸਮਾਂ ਬਦਲ ਗਿਆ ਹੈ,ਸਮਾਂ ਇੰਨਾ ਬਦਲ ਗਿਆ ਹੈ ਕਿ ਅੱਜਕੱਲ੍ਹ ਹਰ ਕਾਮਯਾਬੀ ਦੇ ਪਿੱਛੇ ਇੱਕ ਔਰਤ ਦਾ ਹੱਥ ਅਹਿਮ ਮੰਨਿਆ ਜਾਂਦਾ ਹੈ।
ਅੱਜ ਔਰਤ ਨੂੰ ਪੂਰੀ ਤਰ੍ਹਾਂ ਆਜ਼ਾਦੀ ਹੈ ਜੋ ਪਹਿਲਾਂ ਬਿਲਕੁਲ ਵੀ ਨਹੀਂ ਸੀ। ਅੱਜ ਦੀ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਜਿਸ ਕਾਰਨ ਔਰਤ ਦਾ ਮਾਣ ਸਨਮਾਨ ਇੰਨਾ ਵਧ ਗਿਆ ਹੈ ਕਿ ਇਸ ਨੂੰ ਅਸੀਂ ਹਰ ਸਾਲ ਨਾਰੀ ਦਿਵਸ ਵਜੋਂ ਮਨਾਉਂਦੇ ਹਾਂ ਅਤੇ ਮਨਾਉਂਦੇ ਰਹਾਂਗੇ। ਔਰਤਾਂ ਨੂੰ ਦੇਸ਼ ਦਾ ਸੰਵਿਧਾਨ ਮੰਨਿਆ ਜਾਂਦਾ ਹੈ । ਜਿੱਥੇ ਪੂਰੇ ਦੇਸ਼ ਵਿਚ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ ਉੱਥੇ ਹੀ ਅਜਿਹੀ ਮਿਸਾਲ ਮਾਨਸਾ ਦੀ ਪਰਵੀਨ ਨੇ ਪੈਦਾ ਕੀਤੀ ਹੈ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਰਵੀਨ ਨੇ ਬਿਨਾਂ ਕਿਸੇ ਸੰਗ ਸ਼ਰਮ ਤੋਂ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਪਰਵੀਨ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਪਹਿਲਾਂ ਬਹੁਤ ਵਧੀਆ ਅਤੇ ਸੌਖੇ ਤਰੀਕੇ ਨਾਲ ਚੱਲ ਰਿਹਾ ਸੀ ਪਰ ਅਚਾਨਕ ਕੋਰੋਨਾ ਮਹਾਂਮਾਰੀ ਦੇ ਕਾਰਨ ਲੱਗੇ ਲਾਕਡਾਊਨ ਨੇ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ । ਪਰਵੀਨ ਨੇ ਦੱਸਿਆ ਕਿ ਉਦੋਂ ਲੱਗਦਾ ਸੀ ਕਿ ਬੱਚਿਆਂ ਨੂੰ ਪਾਲਣਾ ਹੁਣ ਸੌਖਾ ਨਹੀਂ ਇਸ ਕਰਕੇ ਮੈਨੂੰ ਵੀ ਆਪਣੇ ਪਤੀ ਦਾ ਸਹਾਰਾ ਬਣਨ ਲਈ ਕੁਝ ਕੰਮ ਕਰਨਾ ਪਵੇਗਾ ਫਿਰ ਹੀ ਘਰ ਪਰਿਵਾਰ ਨੂੰ ਚਲਾ ਪਾਵਾਂਗੇ।
ਉਸ ਨੇ ਦੱਸਿਆ ਕਿ ਫਿਰ ਮੈਂ ਆਟੋ ਰਿਕਸ਼ਾ ਚਲਾਉਣ ਦੀ ਠਾਣ ਲਈ ਅਤੇ ਮਾਨਸਾ ਸ਼ਹਿਰ ਵਿੱਚ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਪਹਿਲਾਂ ਲੱਗਦਾ ਸੀ ਕਿ ਸਮਾਜ ਵਿੱਚ ਕੰਮ ਕਰਨਾ ਔਖਾ ਹੋਵੇਗਾ ਪਰ ਲੋਕਾਂ ਤੋਂ ਮਿਲ ਰਹੇ ਉਤਸ਼ਾਹ ਨੇ ਮੇਰਾ ਹੌਸਲਾ ਹੋਰ ਵੀ ਵਧਾ ਦਿੱਤਾ।
ਪਰਵੀਨ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਆਟੋ ਰਿਕਸ਼ਾ ਚਲਾਉਣਾ ਸਿੱਖ ਰਹੀ ਸੀ ਅਤੇ ਅਕਸਰ ਆਪਣੇ ਪਿਤਾ ਨਾਲ ਆਟੋ ਰਿਕਸ਼ਾ ਤੇ ਸਵਾਰੀਆਂ ਦੀ ਢੋਆ ਢੁਆਈ ਕਰਦੀ ਰਹਿੰਦੀ ਸੀ।