ਬਰਨਾਲਾ ਦੇ ਵਿਦਿਆਰਥੀ ਦੀ ਯੂਕਰੇਨ 'ਚ ਹੋਈ ਮੌਤ, ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ CM ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਜਲਦ ਹੀ ਭਾਰਤ ਲਿਆਂਦੀ ਜਾਵੇਗੀ ਦੇਹ 

CM Charanjit Singh Channi

ਬਰਨਾਲਾ: ਯੂਕਰੇਨ-ਰੂਸ ਵਿੱਚ ਜਾਰੀ ਹਮਲੇ ਦੀ ਤਬਾਹੀ ਅਜੇ ਵੀ ਖ਼ਤਮ ਨਹੀਂ ਹੋਈ ਹੈ। ਅਜਿਹੇ ਹਾਲਾਤ ਵਿੱਚ ਭਾਰਤ ਸਰਕਾਰ ਵਿਦਿਆਰਥੀਆਂ ਨੂੰ ਉਥੋਂ ਕੱਢਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਦੇ ਨਾਲ ਹੀ ਬਰਨਾਲਾ ਦੇ ਵਿਦਿਆਰਥੀ ਦੀ ਯੂਕਰੇਨ ਵਿੱਚ ਹੋਈ ਮੌਤ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮ੍ਰਿਤਕ ਦੇ ਵਾਰਸਾਂ ਨੂੰ ਮਿਲਣ ਪੁੱਜੇ।

ਇਸ ਦੌਰਾਨ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਅਸੀਂ ਇਸ ਘੜੀ ਵਿੱਚ ਪਰਿਵਾਰ ਦੇ ਨਾਲ ਹਾਂ ਅਤੇ ਮ੍ਰਿਤਕ ਚੰਦਨ ਜਿੰਦਲ ਦੀ ਦੇਹ ਨੂੰ ਵੀ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਤੋਂ ਯੂਕਰੇਨ ਗਏ ਬਾਕੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਸਬੰਧੀ ਸਾਡੀ ਸਰਕਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬਰਨਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਯੂਕਰੇਨ ਵਿੱਚ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਚੰਦਨ ਜਿੰਦਲ 4 ਸਾਲਾਂ ਤੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਲਈ ਯੂਕਰੇਨ ਦੇ ਵਿਨਿਸ਼ੀਆ ਸੂਬੇ 'ਚ ਗਿਆ ਸੀ। ਜਿੱਥੇ 2 ਫਰਵਰੀ ਨੂੰ ਉਹ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ ਅਤੇ ਉਸ ਦੇ ਦਿਮਾਗ ਵਿਚ ਖੂਨ ਜਮ੍ਹਾ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਆਈ.ਸੀ.ਯੂ. ਵਿਚ ਦਾਖਲ ਕਰਵਾਉਣਾ ਪਿਆ ਪਰ ਯੂਕਰੇਨ ਵਿਚ ਵਿਗੜਦੇ ਹਾਲਾਤ ਵਿਚ ਚੰਦਨ ਜਿੰਦਲ ਦੀ ਇਲਾਜ ਦੌਰਾਨ ਮੌਤ ਹੋ ਗਈ।