ਬੀਕੇਯੂ (ਏਕਤਾ-ਉਗਰਾਹਾਂ) ਨੇ 11 ਥਾਵਾਂ ’ਤੇ ਕਾਨਫ਼ਰੰਸਾਂ ਕਰ ਕੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਬੀਕੇਯੂ (ਏਕਤਾ-ਉਗਰਾਹਾਂ) ਨੇ 11 ਥਾਵਾਂ ’ਤੇ ਕਾਨਫ਼ਰੰਸਾਂ ਕਰ ਕੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਚੰਡੀਗੜ੍ਹ, 8 ਮਾਰਚ (ਭੁੱਲਰ) : ਅੱਜ ਕੌਮਾਂਤਰੀ ਔਰਤ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ ਪੰਜਾਬ ਦੇ 10 ਜ਼ਿਲ੍ਹਿਆਂ ’ਚ 11 ਥਾਵਾਂ ਉੱਤੇ ਵਿਸ਼ਾਲ ਮਹਿਲਾ ਕਾਨਫ਼ਰੰਸਾਂ ਕੀਤੀਆਂ ਗਈਆਂ ਜਿਨ੍ਹਾਂ ’ਚ ਕੁਲ ਮਿਲਾ ਕੇ ਹਜ਼ਾਰਾਂ ਔਰਤਾਂ ਵਲੋਂ ਸ਼ਮੂਲੀਅਤ ਕੀਤੀ ਗਈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਭਨਾਂ ਥਾਵਾਂ ’ਤੇ ਇਨ੍ਹਾਂ ਕਾਨਫ਼ਰੰਸਾਂ ਦੀ ਅਗਵਾਈ ਔਰਤ ਆਗੂਆਂ ਵਲੋਂ ਹੀ ਕੀਤੀ ਗਈ।
ਵੱਖ- ਵੱਖ ਥਾਵਾਂ ’ਤੇ ਜੁੜੇ ਇਕੱਠਾਂ ਨੂੰ ਔਰਤ ਕਿਸਾਨ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਪਿੱਥੋ, ਗੁਰਪ੍ਰੀਤ ਕੌਰ ਬਰਾਸ, ਕਮਲ ਬਰਨਾਲਾ, ਪਰਮਜੀਤ ਕੌਰ ਕੋਟੜਾ, ਮਾਲਣ ਕੌਰ ਕੋਠਾਗੁਰੂ ਅਤੇ ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਲੁਟੇਰੇ ਪ੍ਰਬੰਧ ਅਧੀਨ ਔਰਤਾਂ ਜਮਾਤੀ ਲੁੱਟ ਤੇ ਜਗੀਰੂ ਸਾਮਰਾਜੀ ਦਾਬੇ ਤੋਂ ਇਲਾਵਾ ਪਿਤਰੀ-ਸੱਤਾ ਦਾ ਸੰਤਾਪ ਹੰਢਾਉਂਦੀਆਂ ਹੋਈਆਂ ਦੂਹਰੀ ਗੁਲਾਮੀਂ ਭੋਗ ਰਹੀਆਂ ਹਨ। ਜਦੋਂ ਕਿ ਫ਼ਿਰਕੂ ਤੇ ਜਾਤ-ਪਾਤੀ ਵੰਡੀਆਂ ਵਾਲੀ ਸਮਾਜਕ ਵਿਵਸਥਾ ਕਾਰਨ ਦਲਿਤ ਔਰਤਾਂ ਤੀਹਰੇ ਦਾਬੇ ਦਾ ਸ਼ਿਕਾਰ ਬਣੀਆਂ ਹੋਈਆਂ ਹਨ। ਤੀਹਰੇ ਦਾਬੇ ਲੋਟੂ ਜਮਾਤਾਂ ਦੇ ਚੌਧਰ ਦਾਬੇ ਦੇ ਨਾਲ-ਨਾਲ ਮਰਦਾਵਾਂ ਪਿਤਰੀ ਦਾਬਾ ਤੇ ਅਖੌਤੀ ਉੱਚ-ਜਾਤੀ ਦਾਬਾ ਵੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਅੰਦਰ ਹੋਏ ਜਨਤਕ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਦੀਆਂ ਲਾਮਬੰਦੀਆਂ ਨੇ ਔਰਤਾਂ ਦੇ ਹੱਕਾਂ ਦੀ ਲਹਿਰ ਲਈ ਵੀ ਇਕ ਨਿੱਗਰ ਆਧਾਰ ਸਿਰਜਿਆ ਹੈ। ਉਨ੍ਹਾਂ ਕਾਲੇ ਖੇਤੀ ਕਾਨੂੰਨਾਂ ਵਿਰੁਧ ਲੜੇ ਗਏ ਇਤਿਹਾਸਕ ਕਿਸਾਨ ਸੰਘਰਸ਼ ਦੌਰਾਨ ਕਿਸਾਨ ਮਜ਼ਦੂਰ ਔਰਤਾਂ ਵਲੋਂ ਪਾਏ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਇਸ ਮਿਸਾਲੀ ਸੰਘਰਸ਼ ਸਮੇਤ ਬੀਤੇ ਸਮਿਆਂ ਦੇ ਸੰਘਰਸ਼ਾਂ ਵਿਚ ਔਰਤਾਂ ਵਲੋਂ ਨਿਭਾਏ ਵਿਲੱਖਣ ਰੋਲ ਸਦਕਾ ਕਿਸਾਨ ਪ੍ਰਵਾਰਾਂ ਵਿਚ ਵੀ ਔਰਤ ਵਿਰੋਧੀ ਜਗੀਰੂ ਰਵਾਇਤਾਂ ਨੂੰ ਖੋਰਾ ਪੈਣ ਲੱਗਾ ਹੈ।