ਨਵਜੋਤ ਕੌਰ ਸਿੱਧੂ ਦੀ ਥਾਂ ਕੈਪਟਨ ਦੀ ਧੀ ਜੈ ਇੰਦਰ ਕੌਰ ਬਣੇ ਜਾਟ ਮਹਾਂਸਭਾ ਦੀ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ
ਬੱਲੀਏਵਾਲ ਨੇ ਲਿਖਿਆ ਕਿ ''ਨਵਜੋਤ ਸਿੱਧੂ ਦੀ ਪਹਿਲੀ ਵਿਕਟ ਡਿੱਗ ਗਈ ਹੈ, ਸਮਾਂ ਬਦਲਣਾ ਸ਼ੁਰੂ ਹੋ ਗਿਆ ਹੈ!
ਚੰਡੀਗੜ੍ਹ: ਚੋਣ ਨਤੀਜਿਆਂ ਤੋਂ ਪਹਿਲਾਂ ਅੱਜ ਇਕ ਵੱਡਾ ਫੇਰਬਦਲ ਹੋਇਆ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਪੰਜਾਬ ਜਾਟ ਮਹਾਂਸਭਾ ਦੀ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੂੰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਜਗ੍ਹਾ ਅੱਜ ਨਿਯੁਕਤ ਕੀਤਾ ਗਿਆ।
ਜਾਟ ਮਹਾਂਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਨਤਕ ਜੀਵਨ ਵਿਚ ਉਹਨਾਂ ਦੇ ਤਜ਼ਰਬੇ ਨੂੰ ਦੇਖਦੇ ਹੋਏ ਉਹਨਾਂ ਨੂੰ ਯਕੀਨ ਹੈ ਕਿ ਜੈ ਇੰਦਰ ਕੌਰ ਸੰਸਥਾ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇਗੀ ਅਤੇ ਉਹ ਸਮਾਜ ਦੀ ਹੋਰ ਉੱਨਤੀ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਜੈ ਇੰਦਰ ਕੌਰ ਦੀ ਨਵੀਂ ਨਿਯੁਕਤੀ ਨੂੰ ਲੈ ਕੇ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਵੀ ਟਵੀਟ ਕੀਤਾ ਹੈ ਤੇ ਪੰਜਾਬ ਕਾਂਗਰਸ 'ਤੇ ਤੰਜ਼ ਕੱਸਿਆ ਹੈ।
ਬੱਲੀਏਵਾਲ ਨੇ ਲਿਖਿਆ ਕਿ ''ਨਵਜੋਤ ਸਿੱਧੂ ਦੀ ਪਹਿਲੀ ਵਿਕਟ ਡਿੱਗ ਗਈ ਹੈ, ਸਮਾਂ ਬਦਲਣਾ ਸ਼ੁਰੂ ਹੋ ਗਿਆ ਹੈ! ਨਵਜੋਤ ਕੌਰ ਸਿੱਧੂ ਨੂੰ ਜਾਟ ਮਹਾਂਸਭਾ ਦੀ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਅਗਲੇ ਝਟਕੇ ਲਈ ਤਿਆਰ ਰਹੇ!''