ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਵੀ ਚੋਣਾਂ ਦਾ ਐਲਾਨ
ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਵੀ ਚੋਣਾਂ ਦਾ ਐਲਾਨ
ਚੰਡੀਗੜ੍ਹ, 7 ਮਾਰਚ (ਭੁੱਲਰ): ਵੱਖ ਵੱਖ ਰਾਜਾਂ ਦੀਆਂ ਖ਼ਾਲੀ ਰਾਜ ਸਭਾ ਸੀਟਾਂ ਦੀਆਂ ਚੋਣਾਂ ਦੇ ਐਲਾਨ 'ਚ ਪੰਜਾਬ ਦਾ ਨਾਂ ਵੀ ਸ਼ਾਮਲ ਹੈ | ਇਥੋਂ ਦੀਆਂ 9 ਅਪ੍ਰੈਲ ਨੂੰ ਖ਼ਾਲੀ ਹੋ ਰਹੀਆਂ 5 ਸੀਟਾਂ ਲਈ ਵੀ 31 ਮਾਰਚ ਨੂੰ ਚੋਣਾਂ ਹੋਣਗੀਆਂ | ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਨਰੇਸ਼ ਗੁਜ਼ਰਾਲ, ਸੁਖਦੇਵ ਸਿੰਘ ਢੀਂਡਸਾ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਅਤੇ ਭਾਜਪਾ ਦੇ ਸ਼ਵੇਤ ਮਲਿਕ ਦਾ 6 ਸਾਲ ਦਾ ਕਾਰਜਕਾਲ 9 ਅਪ੍ਰੈਲ ਨੂੰ ਖ਼ਤਮ ਹੋਣ ਨਾਲ ਇਹ ਸੀਟਾਂ ਖ਼ਾਲੀ ਹੋਣੀਆਂ ਹਨ | ਦੋ ਹੋਰ ਮੈਂਬਰਾਂ ਅੰਬਿਕਾ ਸੋਨੀ ਅਤੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਹਾਲੇ ਜੁਲਾਈ ਮਹੀਨੇ ਖ਼ਤਮ ਹੋਣਾ ਹੈ |
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ਼ ਪੰਜਾਬ ਵਿਚੋਂ ਕਾਂਗਰਸ, ਅਕਾਲੀ ਅਤੇ ਭਾਜਪਾ ਦੇ ਮੈਂਬਰ ਹੀ ਰਾਜ ਸਭਾ ਵਿਚ ਜਾਂਦੇ ਰਹੇ ਹਨ | ਇਹ ਮੈਂਬਰ ਵਿਧਾਇਕ ਚੁਣਦੇ ਹਨ | ਇਸ ਵਾਰ ਆਮ ਆਦਮੀ ਪਾਰਟੀ ਦੇ ਪੰਜਾਬ ਵਿਚੋਂ ਵੀ ਰਾਜ ਸਭਾ ਵਿਚ ਦਾਖ਼ਲ ਹੋਣ ਦੇ ਪੂਰੇ ਆਸਾਰ ਹਨ ਕਿਉਂਕਿ 10 ਮਾਰਚ ਨੂੰ ਆਉਣ ਵਾਲੇ ਵਿਧਾਨ ਸਭਾ ਦੇ ਨਤੀਜਿਆਂ ਵਿਚ 'ਆਪ' ਦੇ ਵੀ ਕਾਫ਼ੀ ਮੈਂਬਰ ਇਸ ਵਾਰ ਜਿੱਤਣ ਦੇ ਅਨੁਮਾਨ ਲੱਗ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਤੌਰ 'ਤੇ ਰਾਜ ਸਭਾ ਮੈਂਬਰਾਂ ਦੀ ਚੋਣ ਬਿਨਾਂ ਮੁਕਾਬਲਾ ਹੀ ਹੋ ਜਾਂਦੀ ਰਹੀ ਹੈ ਪਰ ਹੁਣ 'ਆਪ' ਦੇ ਦਾਖ਼ਲੇ ਬਾਅਦ ਵੱਖ ਵੱਖ ਪਾਰਟੀਆਂ ਦੇ ਜੇਤੂ ਹੋਣ ਵਾਲੇ ਮੈਂਬਰਾਂ ਕਾਰਨ ਮੁਕਾਬਲੇ ਹੋਣ ਦੇ ਆਸਾਰ ਹਨ | 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇਤੂ ਮੈਂਬਰਾਂ ਨੂੰ ਰਾਜ ਸਭਾ ਲਈ ਚੋਣਾਂ ਵਿਚ ਹਿੱਸਾ ਲੈਣ ਦਾ ਮੌਕਾ ਨਹੀਂ ਸੀ ਮਿਲਿਆ ਕਿਉਂਕਿ 2016 ਵਿਚ ਰਾਜ ਸਭਾ ਚੋਣਾਂ ਹੋ ਗਈਆਂ ਸਨ |