ਜੀਐਸਟੀ ਦਰਾਂ ਵਧਾਉਣ ਦੀ ਥਾਂ ਪਟਰੌਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਵੇ ਮੋਦੀ ਸਰਕਾਰ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਜੀਐਸਟੀ ਦਰਾਂ ਵਧਾਉਣ ਦੀ ਥਾਂ ਪਟਰੌਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਵੇ ਮੋਦੀ ਸਰਕਾਰ : ਭਗਵੰਤ ਮਾਨ

image


ਪ੍ਰਧਾਨ ਮੰਤਰੀ ਦਾ ਇਕ ਮਾਤਰ ਮੰਤਰ,ਆਮ ਲੋਕਾਂ ਤੋਂ ਪੈਸਾ ਵਸੂਲ ਕੇ ਕਾਰਪੋਰੇਟਰ ਮਿੱਤਰਾਂ ਨੂੰ  ਲਾਭ ਦੇਣਾ
ਚੰਡੀਗੜ੍ਹ, 7 ਮਾਰਚ( ਨਰਿੰਦਰ ਸਿੰਘ ਝਾਮਪੁਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਵਸਤੂ ਅਤੇ ਸੇਵਾ ਕਰ (ਜੀਐਸਟੀ) ਦੀ ਘੱਟੋ- ਘੱਟ ਦਰ 5 ਫ਼ੀਸਦ ਤੋਂ ਵਧਾ ਕੇ 8 ਫ਼ੀਸਦ ਕਰ ਦੀ ਯੋਜਨਾ ਨੂੰ  ਜਨ ਵਿਰੋਧੀ ਫ਼ੈਸਲਾ ਕਰਾਰ ਦਿਤਾ | ਮਾਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਅਤੇ ਕੋਵਿਡ-19 ਕਾਰਨ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਦੇਸ਼ ਦੀ ਆਮ ਜਨਤਾ 'ਤੇ ਨਵਾਂ ਟੈਕਸ ਲਾਉਣ ਦੀ ਥਾਂ ਮੋਦੀ ਸਰਕਾਰ ਪਟਰੌਲ-ਡੀਜ਼ਲ ਨੂੰ  ਜੀਐਸਟੀ ਦੇ ਦਾਇਰੇ 'ਚ ਲਿਆ ਕੇ ਜਨਤਾ ਨੂੰ  ਮਹਿੰਗਾਈ ਤੋਂ ਰਾਹਤ ਦੇਵੇ |
ਸੋਮਵਾਰ ਨੂੰ  ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ 'ਚ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ  ਅਪੀਲ ਕਰਦਿਆਂ ਕਿਹਾ ਕਿ ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ | ਭਾਰਤ 'ਚ ਪਹਿਲਾਂ ਹੀ ਪਟਰੌਲ-ਡੀਜ਼ਲ ਅਤੇ ਰਸੋਈ ਗੈਸ ਦੀ ਕੀਮਤ ਬਹੁਤ ਜ਼ਿਆਦਾ ਹਨ, ਜਿਸ ਕਾਰਨ ਆਮ ਜਨਤਾ ਨੂੰ  ਕਈ ਤਰ੍ਹਾਂ ਦੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਦਾ ਹੋਰ ਵਾਧਾ ਜਨਤਾ ਲਈ ਜ਼ਹਿਰ ਬਰਾਬਰ ਹੋਵੇਗਾ | ਇਸ ਲਈ ਪ੍ਰਧਾਨ ਮੰਤਰੀ ਮੋਦੀ ਪਟਰੌਲੀਅਮ ਉਤਪਾਦਾਂ ਨੂੰ  ਜੀਐਸਟੀ ਦੇ ਦਾਇਰੇ 'ਚ ਲਿਆਉਣ 'ਤੇ ਵਿਚਾਰ ਕਰਨ ਅਤੇ ਜਨਤਾ ਨੂੰ  ਰਾਹਤ ਦੇਣ ਲਈ ਜੀਐਸਟੀ ਦੀਆਂ ਦਰਾਂ ਵਧਣ ਤੋਂ ਰੋਕਣ |
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਗ਼ਾਬਾਜ਼ ਸਰਕਾਰ ਹੈ | ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਜਨਤਾ 'ਤੇ ਟੈਕਸ ਥੋਪਣ ਅਤੇ ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰਨ ਦੀ ਤਾਂਘ ਵਿਚ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੂਲ ਮੰਤਰ ਹੈ, ''ਜ਼ਿਆਦਾ ਤੋਂ ਜ਼ਿਆਦਾ ਟੈਕਸ ਵਸੂਲ ਕੇ ਜਨਤਾ ਨੂੰ  ਤਬਾਹ ਕਰਨਾ |''
ਮਾਨ ਨੇ ਕਿਹਾ 2014 ਲੋਕ ਸਭਾ ਚੋਣ ਸਮੇਂ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਦੀ ਤਸਵੀਰ ਨਾਲ ਪੂਰੇ ਭਾਰਤ 'ਚ ਬੈਨਰ ਲਾਏ ਸਨ, ''ਬਹੁਤ ਹੋਇਆ ਮਹਿੰਗਾਈ ਦਾ ਵਾਰ, ਹੁਣ ਦੀ ਵਾਰ ਮੋਦੀ ਸਰਕਾਰ |'' ਪਰ ਹੁਣ ਉਹੀ ਮੋਦੀ ਸਰਕਾਰ ਪਟਰੌਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਤੇ ਟੈਕਸ ਵਧਾ ਕੇ ਜਨਤਾ 'ਤੇ ਦੋਹਰਾ ਹਮਲਾ ਕਰ ਰਹੀ ਹੈ |