ਕੈਨੇਡਾ ਤੋਂ ਅੰਮਿ੍ਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਕੈਨੇਡਾ ਦੀ ਪਾਰਲੀਮੈਂਟ ਵਿਚ ਉਠੀ
ਕੈਨੇਡਾ ਤੋਂ ਅੰਮਿ੍ਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਕੈਨੇਡਾ ਦੀ ਪਾਰਲੀਮੈਂਟ ਵਿਚ ਉਠੀ
ਅੰਮਿ੍ਤਸਰ, 7 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਫਲਾਈ ਅੰਮਿ੍ਤਸਰ ਇਨੀਸ਼ੀਏਟਿਵ ਨੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਫ੍ਰੇਜ਼ਰ ਕੈਨਿਯਨ-ਮੈਟਸਕੀ ਖੇਤਰ ਦੀ ਨੁਮਾਇੰਦਗੀ ਕਰਦੇ ਕੈਨੇਡਾ ਦੇ ਸੰਸਦ ਮੈਂਬਰ ਬਰੈਡ ਵਿੱਸ ਵਲੋਂ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਤੋਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਨੂੰ ਕੈਨੇਡਾ ਦੀ ਸੰਸਦ ਵਿਚ ਉਠਾਉਣ 'ਤੇ ਉਨ੍ਹਾਂ ਦਾ ਧਨਵਾਦ ਕੀਤਾ ਹੈ |
ਵੈਨਕੂਵਰ ਤੋਂ ਬਿਆਨ ਵਿਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ, ਅਤੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸ: ਸਮੀਪ ਸਿੰਘ ਗੁਮਟਾਲਾ, ਨੇ ਦਸਿਆ ਕਿ ਕੈਨੇਡਾ ਵਿਚ ਅਭਿਆਨ ਦੇ ਬੁਲਾਰੇ ਸਰੀ ਵਾਸੀ ਮੋਹਿਤ ਧੰਜੂ ਵਲੋਂ ਸੰਸਦ ਵਿਚ ਸਿੱਧੀਆਂ ਉਡਾਣਾਂ ਸਬੰਧੀ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਸਾਂਸਦ ਬਰੈਡ ਵਿੱਸ ਦੁਆਰਾ ਸਮਰਥਨ ਦਿਤਾ ਗਿਆ ਸੀ | ਕੈਨੇਡਾ ਸਰਕਾਰ ਨੂੰ ਵੈਨਕੂਵਰ/ਟੋਰਾਂਟੋ ਤੋਂ ਅੰਮਿ੍ਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਓਣ ਲਈ ਵਿਕਲਪਾਂ ਦੀ ਖੋਜ ਅਤੇ ਸਰਗਰਮੀ ਨਾਲ ਵਕਾਲਤ ਕਰਨ ਲਈ ਬੇਨਤੀ ਕੀਤੀ ਗਈ ਹੈ | ਉਨ੍ਹਾਂ ਜਾਣਕਾਰੀ ਦਿਤੀ ਕਿ 30 ਦਿਨਾਂ (12 ਜਨਵਰੀ ਤੋਂ 11 ਫ਼ਰਵਰੀ ਤਕ) ਦੇ ਥੋੜ੍ਹੇ ਸਮੇਂ ਵਿਚ ਇਸ ਪਟੀਸ਼ਨ ਉਤੇ ਕੈਨੇਡਾ ਦੇ 14160 ਵਸਨੀਕਾਂ ਨੇ ਆਨਲਾਈਨ ਅਤੇ ਹਜ਼ਾਰਾਂ ਹੋਰਨਾਂ ਨੇ ਕਾਗ਼ਜ਼ 'ਤੇ ਦਸਤਖਤ ਕੀਤੇ ਸਨ | ਐਮਪੀ ਵਿੱਸ ਨੇ ਸੰਸਦ ਵਿਚ ਸਿੱਧੀਆ ਉਡਾਣਾਂ ਸਬੰਧੀ ਪਟੀਸ਼ਨ 'ਤੇ ਸੰਸਦ ਦੀ ਕਾਰਵਾਈ ਦੌਰਾਨ ਬੋਲਦਿਆਂ ਹੋਇਆਂ ਕਿਹਾ,'ਮਿਸ਼ਨ-ਮੈਟਸਕੀ-ਫ੍ਰੇਜ਼ਰ ਕੈਨਿਯਨ, ਬਿ੍ਟਿਸ਼ ਕੋਲੰਬੀਆ ਸੂਬੇ ਸਮੇਤ ਕੈਨੇਡਾ ਵਿਚ 10 ਲੱਖ (1 ਮਿਲੀਅਨ) ਤੋਂ ਵੱਧ ਪੰਜਾਬੀ ਭਾਈਚਾਰਾ ਵਸਦਾ ਹੈ |'
ਕੈਪਸ਼ਨ-ਏ ਐਸ ਆਰ ਬਹੋੜੂ—7—3— ਐਮ ਪੀ ਵਿੱਸ ਵਲੋਂ ਟਵਿੱਟਰ ਤੇ ਸਾਂਝੀ ਕੀਤੀ ਜਾਣਕਾਰੀ |