ਔਖੇ ਦੌਰ ਤੇ ਘੋਰ ਆਰਥਕ ਸੰਕਟ ਵਿਚੋਂ ਲੰਘ ਰਹੇ ਮਜ਼ਦੂਰ ਖ਼ੁਦਕੁਸ਼ੀਆਂ ਦੇ ਰਾਹ ਤੁਰੇ

ਏਜੰਸੀ

ਖ਼ਬਰਾਂ, ਪੰਜਾਬ

ਔਖੇ ਦੌਰ ਤੇ ਘੋਰ ਆਰਥਕ ਸੰਕਟ ਵਿਚੋਂ ਲੰਘ ਰਹੇ ਮਜ਼ਦੂਰ ਖ਼ੁਦਕੁਸ਼ੀਆਂ ਦੇ ਰਾਹ ਤੁਰੇ

image

ਖੇਤ ਮਜ਼ਦੂਰ ਯੂਨੀਅਨ ਅਨੁਸਾਰ ਖ਼ੁਦਕੁਸ਼ੀਆਂ ਦਾ 85 ਫ਼ੀ ਸਦੀ ਕਾਰਨ ਕਰਜ਼ਾ

ਕੋਟਕਪੂਰਾ, 7 ਮਾਰਚ (ਗੁਰਿੰਦਰ ਸਿੰਘ) : ਦੇਸ਼ ਨੂੰ  ਆਜ਼ਾਦ ਹੋਇਆਂ 75 ਸਾਲ ਹੋਣ ਵਾਲੇ ਹਨ ਪਰ ਐਨੇ ਲੰਮੇ ਸਮੇਂ 'ਚ ਸਮੇਂ ਦੀਆਂ ਸਰਕਾਰਾਂ ਕੋਲੋਂ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਨਹੀਂ ਹੋਇਆ ਤੇ ਹਮੇਸ਼ਾਂ ਹੀ ਸਾਰਿਆਂ ਨੇ ਗ਼ਰੀਬਾਂ ਨੂੰ  ਝੂਠੇ ਲਾਰਿਆਂ 'ਚ ਰਖਿਆ ਤੇ ਉਨ੍ਹਾਂ ਦੇ ਅੰਦਰਲੇ ਦਰਦ ਨੂੰ  ਕਿਸੇ ਸਿਆਸੀ ਧਿਰ ਨੇ ਨਹੀਂ ਵੇਖਿਆ | ਡਾ. ਭੀਮ ਰਾਉ ਅੰਬੇਦਕਰ ਦੇ ਯਤਨਾਂ ਸਦਕਾ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ, ਵੋਟਾਂ ਦੇ ਦੌਰ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਨੇ ਗ਼ਰੀਬਾਂ ਦੇ ਸਿਰ 'ਤੇ ਛੱਤ ਦੇਣ ਲਈ ਪੰਜ-ਪੰਜ ਮਰਲੇ ਪਲਾਟ ਦੇਣ ਦੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕੀਤੇ ਪਰ ਅੱਜ ਵੀ ਸਾਰੇ ਗ਼ਰੀਬਾਂ ਨੂੰ  ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੇ ਦਾਅਵੇ ਅਤੇ ਵਾਅਦੇ ਜਾਰੀ ਹਨ, ਦੇਖੋ ਖੁਲ੍ਹੇ ਅਸਮਾਨ ਹੇਠ ਗੁਰਬਤ ਦੀ ਜ਼ਿੰਦਗੀ ਜਿਊਣ ਵਾਲੇ ਗ਼ਰੀਬ ਪਰਵਾਰਾਂ ਨੂੰ  ਕਦੋਂ ਪੰਜ-ਪੰਜ ਮਰਲਿਆਂ ਦੇ ਪਲਾਟਾਂ ਦੇ ਮਾਲਕਾਨਾ ਹੱਕ ਮਿਲਦੇ ਹਨ? ਭਾਵੇਂ ਗ਼ਰੀਬਾਂ ਦੇ ਨਾਂਅ 'ਤੇ ਸਰਕਾਰਾਂ ਨੇ ਬਹੁਤ ਸਾਰੀਆਂ ਭਲਾਈ ਸਕੀਮਾਂ ਚਲਾਈਆਂ ਪਰ ਇਹ ਭਲਾਈ ਸਕੀਮਾਂ ਉਨ੍ਹਾਂ ਗ਼ਰੀਬਾਂ ਕੋਲੋਂ ਪਾਸਾ ਵੱਟ ਕੇ ਲੰਘ ਗਈਆਂ ਜਿਨ੍ਹਾਂ ਨੂੰ  ਇਨ੍ਹਾਂ ਦੀ ਲੋੜ ਸੀ, ਗ਼ਰੀਬਾਂ ਦਾ ਹੱਕ ਕੋਈ ਹੋਰ ਖਾ ਗਿਆ | ਪਿਛਲੇ ਦੋ ਸਾਲਾਂ ਤੋਂ ਗ਼ਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਮੌਕੇ ਦਿਤੇ ਜਾਣ ਵਾਲੇ ਸ਼ਗਨ ਸਕੀਮ ਦੇ ਪੈਸੇ ਕਿਸੇ ਗ਼ਰੀਬ ਨੂੰ  ਨਹੀਂ ਮਿਲੇ, ਅਨੇਕਾਂ ਗ਼ਰੀਬਾਂ ਦੀਆਂ ਬੁਢਾਪਾ ਪੈਨਸ਼ਨਾਂ ਕੱਟੀਆਂ ਗਈਆਂ, ਪੰਜ-ਪੰਜ ਮਰਲਿਆਂ ਦੇ ਪਲਾਟ ਬੇਘਰੇ ਲੋਕਾਂ ਨੂੰ  ਨਹੀਂ ਮਿਲੇ, ਕਮਰਿਆਂ ਦੇ ਪੈਸੇ ਬੇਘਰੇ ਲੋਕਾਂ ਜਾਂ ਜਿਨ੍ਹਾਂ ਦੇ ਕਮਰੇ ਡਿੱਗਣ ਵਾਲੇ ਹਨ, ਉਨ੍ਹਾਂ ਦੀ ਥਾਂ ਪੱਕੇ ਘਰਾਂ ਵਾਲਿਆਂ ਨੂੰ  ਮਿਲ ਗਏ | ਕਰੀਬ 7 ਸਾਲ ਪਹਿਲਾਂ ਗ਼ਰੀਬਾਂ ਦੇ ਘਰਾਂ 'ਚ ਪਖਾਨੇ ਬਣਾਏ ਗਏ ਸਨ ਤੇ ਪੈਸੇ ਗ਼ਰੀਬਾਂ ਨੇ ਅਪਣੇ ਕੋਲੋਂ ਲਾਏ ਸਨ ਪਰ ਕਈ ਪਿੰਡਾਂ 'ਚ ਉਹ ਪੈਸੇ ਗ਼ਰੀਬਾਂ ਨੂੰ  ਅਜੇ ਤਕ ਨਹੀਂ ਮਿਲੇ | ਜੇਕਰ ਵੇਖਿਆ ਜਾਵੇ ਤਾਂ ਇਸ ਵੇਲੇ ਗ਼ਰੀਬ ਜਮਾਤ ਬੜੇ ਔਖੇ ਦੌਰ 'ਤੇ ਘੋਰ ਆਰਥਕ ਸੰਕਟ 'ਚੋਂ ਲੰਘ ਰਹੀ ਹੈ ਤੇ ਖ਼ੁਦਕੁਸ਼ੀਆਂ ਦੇ ਰਾਹ ਤੁਰੀ ਹੋਈ ਹੈ | ਇਹ ਸਮੱਸਿਆ ਬੜੀ ਗੰਭੀਰ ਬਣੀ ਹੋਈ ਹੈ ਤੇ ਜੇਕਰ ਇਸ ਨੂੰ  ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੋਵੇਗਾ |

ਫੋਟੋ :- ਕੇ.ਕੇ.ਪੀ.-ਗੁਰਿੰਦਰ-7-1ਏ