ਸਿੱਖ ਪਾਰਲੀਮੈਂਟ ਦੇ ਟੁਕੜੇ ਕਰਨ ਤੋਂ ਬਾਅਦ ਖਾਲਸੇ ਦੀ ਬਦਦੁਆ ਕਾਰਨ ਪਾਰਲੀਮੈਂਟ ਦੇ ਵੀ ਕਈ ਟੁਕੜੇ ਹੋਣਗੇ : ਗਿਆਨੀ ਹਰਪ੍ਰੀਤ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਜਿਸ ਤਰ੍ਹਾਂ ਐਸਜੀਪੀਸੀ ਦੇ ਦੋ ਟੁਕੜੇ ਕੀਤੇ ਗਏ ਹਨ, ਉਸੇ ਤਰ੍ਹਾਂ ਅਕਾਲ ਪੁਰਖ ਵੀ ਪਾਰਲੀਮੈਂਟ ਦੇ ਕਈ ਟੁਕੜੇ ਕਰੇਗਾ। 

Giani Harpreet Singh

ਆਨੰਦਪੁਰ ਸਾਹਿਬ - ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲੇ-ਮਹੱਲੇ ਮੌਕੇ ਪੂਰੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਸਿੱਖ ਸ਼ਰਧਾਲੂ ਗੁਰੁਦੁਆਰਾ ਸਾਹਿਬਾਨਾਂ ਵਿਖੇ ਮੱਥਾ ਟੇਕ ਕੇ ਸ਼ਾਂਤੀ ਦੀਆਂ ਅਰਦਾਸਾਂ ਕਰ ਰਹੇ ਹਨ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਨੰਦਪੁਰ ਸਾਹਿਬ ਵਿਖੇ ਹੋਲੇ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਪਾਰਲੀਮੈਂਟ ਦੇ ਟੁਕੜੇ-ਟੁਕੜੇ ਕਰਨ ਦੀ ਗੱਲ ਕਰਨ ਵਾਲਿਆਂ ਨੂੰ ਸਿੱਖਾਂ ਦੀ ਬਦਦੁਆ ਲੱਗੇਗੀ। 

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਜੱਥੇਦਾਰ ਨੇ ਕੇਂਦਰ 'ਤੇ ਵੀ ਨਿਸ਼ਾਨਾ ਸਾਧਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਜਿਸ਼ ਤਹਿਤ ਦੋ ਟੁਕੜੇ ਕੀਤੇ ਗਏ ਹਨ ਤੇ ਜਿਨ੍ਹਾਂ ਨੇ ਇਹ ਟੁਕੜੇ ਕੀਤੇ ਹਨ ਉਹਨਾਂ ਨੂੰ ਖਾਲਸੇ ਦੀ ਬਦਦੁਆ ਲੱਗੇਗੀ। ਉਨ੍ਹਾਂ ਕਿਹਾ ਜਿਸ ਤਰ੍ਹਾਂ ਐਸਜੀਪੀਸੀ ਦੇ ਦੋ ਟੁਕੜੇ ਕੀਤੇ ਗਏ ਹਨ, ਉਸੇ ਤਰ੍ਹਾਂ ਅਕਾਲ ਪੁਰਖ ਵੀ ਪਾਰਲੀਮੈਂਟ ਦੇ ਕਈ ਟੁਕੜੇ ਕਰੇਗਾ। 

ਸਿੱਖਾਂ ਦੀ ਪਾਰਲੀਮੈਂਟ ਦੇ ਟੁਕੜੇ ਕਰਨ ਵਾਲੀ ਸਰਕਾਰ ਪਾਰਲੀਮੈਂਟ ਨੂੰ ਤਾਂ ਅਖੰਡ ਰੱਖਣਾ ਚਾਹੁੰਦੀ ਹੈ ਪਰ ਸਿੱਖਾਂ ਦੀ ਬਦਦੁਆ ਨਾਲ ਇਸਦੇ ਵੀ ਕਈ ਟੁਕੜੇ ਹੋਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚਲੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਨੇ ਨਹੀਂ ਸਰਕਾਰ ਨੇ ਸਾਂਭਿਆ ਹੈ। ਸਿੱਖਾਂ ਨੂੰ ਕਮਜ਼ੋਰ ਕਰਨ ਲਈ ਗੁਰਦੁਆਰਿਆਂ ਦਾ ਪ੍ਰਬੰਧ ਸਾਂਭ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਕ ਆਜ਼ਾਦ ਹੋ ਗਿਆ ਹੈ ਪਰ ਸਿੱਖਾਂ ਨੂੰ ਹਾਲੇ ਤੱਕ ਆਜ਼ਾਦੀ ਨਹੀਂ ਮਿਲੀ। ਸੋਸ਼ਲ ਮੀਡੀਆ 'ਤੇ ਸਿੱਖ ਸੰਸਥਾਵਾਂ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਸਹੀ ਨਹੀਂ ਹੈ। 

ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਨੀਕਰਨ ਸਾਹਿਬ ਵਿਖੇ ਵਾਪਰੀ ਘਟਨਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਐਨ ਆਰ ਆਈ ਸਿੱਖ ਨੌਜਵਾਨ ਦਾ ਕਤਲ ਕੀਤੇ ਜਾਣ ਉਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਸਿੱਖ ਨੌਜਵਾਨ ਭਟਕ ਰਹੇ ਹਨ ਤੇ ਹੁੱਲੜਬਾਜ਼ ਬਣ ਕੇ ਗਲਤ ਰਸਤੇ ਚੁਣ ਰਹੇ ਹਨ, ਉਸ ਬਾਰੇ ਸਿੱਖਾਂ ਨੂੰ ਸੋਚਣਾ ਪਏਗਾ। ਇਸ ਲਈ ਨਾ ਸਾਨੂੰ ਸਰਕਾਰਾਂ ਨੇ ਰੋਕਣਾ ਨਾ ਕਿਸੇ ਨੇ ਹੋਰ ਨੇ। ਇਹ ਸਾਨੂੰ ਆਪਣੇ ਆਪ ਸੋਚਣਾ ਪਵੇਗਾ।