ਜੈਕਾਰਿਆਂ ਦੀ ਗੂੰਜ ਨਾਲ ਹੋਈ ਹੋਲੇ-ਮਹੱਲੇ ਦੀ ਸਮਾਪਤੀ, ਨਿਹੰਗਾਂ ਨੇ ਦਿਖਾਏ ਜੌਹਰ 

ਏਜੰਸੀ

ਖ਼ਬਰਾਂ, ਪੰਜਾਬ

ਪੂਰਾ ਚਰਨ ਗੰਗਾ ਸਟੇਡੀਅਮ ਰੰਗ-ਬਿਰੰਗੇ ਬਾਣੇ ਤੇ ਰੰਗਾਂ ਨਾਲ ਭਰਿਆ ਹੋਇਆ ਸੀ। 

Hola-Mahalla

ਸ੍ਰੀ ਅਨੰਦਪੁਰ ਸਾਹਿਬ : ਅੱਜ ਖਾਲਸਾਈ ਸ਼ਾਨੋ-ਸ਼ੌਕਤ ਦੇ ਪ੍ਰਤੀਕ ਹੋਲੇ-ਮਹੱਲੇ ਦਾ ਆਖਰੀ ਦਿਨ ਸੀ ਤੇ ਇਹ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਸ਼ਾਮਲ ਹੋਈ। ਅੱਜ ਬਾਅਦ ਦੁਪਹਿਰ ਮਹੱਲਾ ਨਗਰ ਕੀਰਤਨ ਦੇ ਰੂਪ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰ ਕੇ ਕੱਢਿਆ ਗਿਆ, ਜਿਸ ਵਿਚ ਨਿਹੰਗ ਸਿੰਘ ਪੁਰਾਤਨ ਬਾਣੇ 'ਚ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਏ। ਪੂਰਾ ਅਨੰਦਪੁਰ ਸਾਹਿਬ ਜੈਕਾਰਿਆਂ ਨਾਲ ਗੂੰਜ ਉੱਠਿਆ।

ਅੱਜ ਤੀਜੇ ਦਿਨ ਖਾਲਸਾ ਪੰਥ ਦੇ ਜਨਮ ਅਸਥਾਨ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸੰਗਤਾਂ ਦਾ  ਇਕੱਠ ਨਗਰ ਕੀਰਤਨ ਦੇ ਰੂਪ 'ਚ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਪੂਰੇ ਸ਼ਹਿਰ ਤੋਂ ਗੁਜ਼ਰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਸਮਾਪਤ ਹੋਇਆ, ਜਿੱਥੇ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ , ਤਰਨਾ ਦਲ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵੱਲੋਂ ਚਲਾਈ ਗਈ ਪ੍ਰਥਾ ਅਨੁਸਾਰ ਨਿਹੰਗ ਸਿੰਘਾਂ ਵੱਲੋਂ ਗੱਤਕਾ, ਘੋੜ ਸਵਾਰੀ, ਨੇਜਾਬਾਜ਼ੀ ਅਤੇ ਹੋਰ ਮਾਰਸ਼ਲ ਆਰਟ ਦੇ ਜੌਹਰ ਦਿਖਾਏ ਗਏ। ਪੂਰਾ ਚਰਨ ਗੰਗਾ ਸਟੇਡੀਅਮ ਰੰਗ-ਬਿਰੰਗੇ ਬਾਣੇ ਤੇ ਰੰਗਾਂ ਨਾਲ ਭਰਿਆ ਹੋਇਆ ਸੀ।