ਹੋਲਾ-ਮਹੱਲਾ ’ਤੇ ਕਪੂਰਥਲਾ ਤੋਂ ਆਨੰਦਪੁਰ ਸਾਹਿਬ ਜਾ ਰਹੇ ਦੋ ਨੌਜਵਾਨ ਦਰਿਆ ’ਚ ਡੁੱਬੇ, ਇਕ ਦੀ ਲਾਸ਼ ਗੋਤਾਖੋਰਾਂ ਨੇ ਕੀਤੀ ਬਰਾਮਦ, ਦੂਜਾ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੱਥ ਧੋਣ ਲੱਗਿਆਂ ਪੈਰ ਫਿਸਲਣ ਕਾਰਨ ਦਰਿਆ ’ਚ ਡਿੱਗੇ

photo

 

ਕਪੂਰਥਲਾ : ਹੋਲਾ ਮਹੱਲਾ 'ਤੇ ਅਨੰਦਪੁਰ ਸਾਹਿਬ ਜ਼ਿਲ੍ਹਾ ਕਪੂਰਥਲਾ ਤੋਂ ਗਏ ਦੋ ਨੌਜਵਾਨ ਦਰਿਆ ਵਿਚ ਡੁੱਬ ਗਏ ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਲਾਸ਼ ਗੋਤਾਖੋਰਾਂ ਦੀ ਮਦਦ ਨਾਲ ਬਰਾਮਦ ਕਰ ਲਈ ਗਈ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਂਪਪੁਰਾ ਕਪੂਰਥਲਾ ਤੇ ਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਇੱਬਣ ਜ਼ਿਲ੍ਹਾ ਕਪੂਰਥਲਾ ਜੋ ਕਿ ਹੋੱਲਾ ਮਹੱਲਾ 'ਤੇ ਅਨੰਦਪੁਰ ਸਾਹਿਬ ਗਏ ਹੋਏ ਸਨ | ਉਨ੍ਹਾਂ ਦੇ ਇਕ ਸਾਥੀ ਕਨਵਰ ਸਿੰਘ ਨੇ ਫੋਨ 'ਤੇ ਦੱਸਿਆ ਕਿ ਉਕਤ ਦੋਵੇਂ ਨੌਜਵਾਨ ਦੇਰ ਰਾਤ ਬਾਥਰੂਮ ਜਾਣ ਤੋਂ ਬਾਅਦ ਹੱਥ ਧੋਣ ਲੱਗੇ ਤਾਂ ਸਿਮਰਨ ਸਿੰਘ ਦਾ ਅਚਾਨਕ ਪੈਰ ਫਿਸਲਣ ਕਾਰਨ ਉਹ ਦਰਿਆ ਵਿਚ ਡਿੱਗ ਗਿਆ ਜਿਸ ਨੂੰ  ਬਚਾਉਣ ਲਈ ਬੀਰ ਸਿੰਘ ਗਿਆ ਤਾਂ ਉਹ ਵੀ ਦਰਿਆ ਵਿਚ ਡੁੱਬ ਗਿਆ |

ਕਨਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਇਸਦੀ ਜਾਣਕਾਰੀ ਪੁਲਿਸ ਨੂੰ  ਦਿੱਤੀ ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਲਾਸ਼ ਨੂੰ  ਦਰਿਆ ਵਿਚੋਂ ਕੱਢ ਲਿਆ ਹੈ ਜਦਕਿ ਬੀਰ ਸਿੰਘ ਦੀ ਭਾਲ ਜਾਰੀ ਹੈ | ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਣ 'ਤੇ ਪਰਿਵਾਰ ਮੌਕੇ 'ਤੇ ਜਾ ਰਿਹਾ ਹਨ | ਇਸ ਘਟਨਾ ਨੂੰ  ਲੈ ਕੇ ਦੋਵਾਂ ਨੈਜਵਾਨਾਂ ਦੇ ਮੁਹੱਲੇ ਤੇ ਪਿੰਡ ਵਿਚ ਸੋਗ ਦੀ ਲਹਿਰ ਹੈ |