Punjab News: ਦੁਬਈ ਤੋਂ ਡਿਪੋਰਟ ਹੋਏ ਦੋ ਲੋਕਾਂ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ; ਪਾਸਪੋਰਟ ਨਾਲ ਛੇੜਛਾੜ ਦੇ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਦੋਂ ਦੁਬਈ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿਚ ਬੇਨਿਯਮੀਆਂ ਪਾਈਆਂ ਗਈਆਂ।

Amritsar police arrested two people deported from Dubai

Punjab News: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ 'ਤੇ ਇਕ ਲੜਕੀ ਸਮੇਤ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੂੰ ਦੁਬਈ ਦੇ ਇਮੀਗ੍ਰੇਸ਼ਨ ਵਿਭਾਗ ਨੇ ਦਾਖਲੇ ਤੋਂ ਇਨਕਾਰ ਕਰਨ ਤੋਂ ਬਾਅਦ ਡਿਪੋਰਟ ਕਰ ਦਿਤਾ ਸੀ। ਫਿਲਹਾਲ ਦੋਵਾਂ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਗ੍ਰਿਫਤਾਰ ਕਰਕੇ ਪੁੱਛਗਿੱਛ ਜਾਰੀ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਵਰਿਆਮ ਨੰਗਲ, ਅੰਮ੍ਰਿਤਸਰ ਵਜੋਂ ਹੋਈ ਹੈ ਅਤੇ ਲੜਕੀ ਦੀ ਪਛਾਣ ਮਨਪ੍ਰੀਤ ਕੌਰ ਵਾਸੀ ਪਿੰਡ ਜਸਰਾਉਂ, ਕਸਬਾ ਅਜਨਾਲਾ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਦੋਵੇਂ ਭਾਰਤੀ ਪਾਸਪੋਰਟ ਲੈ ਕੇ ਦੁਬਈ ਗਏ ਸਨ।

ਜਦੋਂ ਦੁਬਈ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿਚ ਬੇਨਿਯਮੀਆਂ ਪਾਈਆਂ ਗਈਆਂ। ਜਿਸ ਤੋਂ ਬਾਅਦ ਸਥਾਨਕ ਇਮੀਗ੍ਰੇਸ਼ਨ ਵਿਭਾਗ ਨੇ ਦੋਵਾਂ ਨੂੰ ਦੁਬਈ 'ਚ ਦਾਖਲ ਨਹੀਂ ਹੋਣ ਦਿਤਾ ਅਤੇ ਕਤਰ ਏਅਰਵੇਜ਼ 'ਚ ਵਾਪਸ ਭਾਰਤ ਭੇਜ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮਾਂ ਨੇ ਕਿਸੇ ਹੋਰ ਦੇ ਪਾਸਪੋਰਟ ਨਾਲ ਛੇੜਛਾੜ ਕਰਕੇ ਇਸ ਨੂੰ ਅਪਣਾ ਬਣਾਇਆ ਸੀ। ਇਨ੍ਹਾਂ ਪਾਸਪੋਰਟਾਂ ਨਾਲ ਉਹ ਦੁਬਈ ਚਲੇ ਗਏ ਪਰ ਦੁਬਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੀ ਗਲਤੀ ਫੜ ਲਈ।

ਦੋਵਾਂ ਮੁਲਜ਼ਮਾਂ ਨੂੰ ਭਾਰਤ ਡਿਪੋਰਟ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਦੋਵਾਂ ਤੋਂ ਪੁੱਛਗਿੱਛ ਜਾਰੀ ਹੈ। ਦੋਵਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਇਮੀਗ੍ਰੇਸ਼ਨ ਅਧਿਕਾਰੀ ਵਲੋਂ ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਜਿਥੇ ਉਨ੍ਹਾਂ ਵਿਰੁਧ ਪਾਸਪੋਰਟ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

(For more Punjabi news apart from Amritsar police arrested two people deported from Dubai, stay tuned to Rozana Spokesman)