ਕਿਸਾਨ ਵਲੋਂ ਸ਼ੁਰੂ ਕੀਤਾ ਡੇਅਰੀ ਫ਼ਾਰਮਿੰਗ ਦਾ ਧੰਦਾ ਹੋਇਆ ਵਿਸ਼ਾਲ
ਅਮਰੀਕਨ ਗਾਵਾਂ ਤੋਂ ਕਮਾਉਂਦੈ 10 ਲੱਖ ਰੁਪਏ ਮਹੀਨਾ!
ਪੰਜਾਬ ਵਿਚ ਅਸੀਂ ਕਈ ਕਿਸਾਨਾਂ ਨੂੰ ਕਹਿੰਦੇ ਦੇਖਿਆ ਹੈ ਕਿ ਕਿਸਾਨੀ ਵਿਚ ਹੁਣ ਸਾਨੂੰ ਕੁੱਝ ਨਹੀਂ ਬਚਦਾ ਤੇ ਕਿਸਾਨ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕਿ ਧਰਨੇ ’ਤੇ ਬੈਠੇ ਹੁੰਦੇ ਹਨ। ਪਰ ਜੇ ਅਸੀਂ ਕਿਸਾਨੀ ਦੇ ਨਾਲ ਕੋਈ ਸਹਾਇਕ ਧੰਦਾ ਵੀ ਕਰੀਏ ਤਾਂ ਚੰਗੇ ਪੈਸੇ ਕਮਾ ਸਕਦੇ ਹਾਂ ਤੇ ਕਰਜ਼ੇ ਤੋਂ ਵੀ ਬਚ ਸਕਦੇ ਹਾਂ। ਪੰਜਾਬ ਵਿਚ ਬਹੁਤ ਸਾਰੇ ਕਿਸਾਨ ਡੇਅਰੀ ਫ਼ਾਰਮਿੰਗ ਦਾ ਧੰਦਾ ਕਰ ਰਹੇ ਹਨ ਤੇ ਸਫ਼ਲ ਹੋ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਪਿੰਡ ਸਹੋਲੀ ਦੇ ਹਰਵਿੰਦਰ ਸਿੰਘ ਡੇਅਰੀ ਫ਼ਾਰਮ ਵਿਚ ਪਹੁੰਚੀ ਜਿਥੇ ਇਕ ਕਿਸਾਨ ਖੇਤੀ ਦੇ ਨਾਲ-ਨਾਲ 60 ਤੋਂ 70 ਗਾਵਾਂ ਰੱਖ ਕੇ ਡੇਅਰੀ ਫ਼ਾਰਮਿੰਗ ਵੀ ਕਰਦਾ ਹੈ। ਕਿਸਾਨ ਨੇ ਕਿਹਾ ਕਿ ਮੈਂ 12ਵੀਂ ਕਲਾਸ ਤੱਕ ਪੜਿ੍ਹਆ ਹਾਂ ਤੇ ਮੇਰਾ ਵੱਡਾ ਪੁੱਤਰ ਬੀ ਕਾਮ ਕਰ ਕੇ ਆਸਟ੍ਰੇਲੀਆ ਗਿਆ ਹੋਇਆ ਹੈ ਤੇ ਛੋਟਾ ਪੁੱਤਰ ਪੜ੍ਹਾਈ ਦੇ ਨਾਲ ਕੰਮ ’ਚ ਮੇਰੀ ਮਦਦ ਵੀ ਕਰਦਾ ਹੈ।
2006 ਵਿਚ ਡੇਅਰੀ ਫ਼ਾਰਮਿੰਗ ਦਾ ਧੰਦਾ ਸ਼ੁਰੂ ਕੀਤਾ ਸੀ ਤੇ ਸ਼ੁਰੂ ਵਿਚ ਨਾਭਾ ਨਸਲ ਦੀਆਂ ਸਿਰਫ਼ 2 ਗਾਵਾਂ ਰਖੀਆਂ ਸਨ, ਜਿਨ੍ਹਾਂ ਨੇ ਸਾਨੂੰ ਕਾਫ਼ੀ ਫ਼ਾਈਦਾ ਪਹੁੰਚਾਇਆ ਤੇ 5 ਤੋਂ 6 ਸਾਲਾਂ ਵਿਚ ਮੇਰੇ ਕੋਲ 10-15 ਗਾਵਾਂ ਹੋ ਗਈਆਂ ਸਨ ਤੇ ਹੌਲੀ-ਹੌਲੀ ਗਾਵਾਂ ਵਧਦੀਆਂ ਗਈਆਂ। ਪਹਿਲਾਂ ਮੈਂ ਪ੍ਰਾਈਵੇਟ ਦੋਦੀਆਂ ਨੂੰ ਦੁੱਧ ਪਾਉਂਦਾ ਸੀ ਤੇ ਬਾਅਦ ਵਿਚ ਵੇਰਕਾ ਨਾਲ ਜੁੜ ਗਿਆ ਤੇ 2013 ਵਿਚ ਮੈਂ ਖੇਤਾਂ ਵਿਚ ਵੱਡਾ ਸ਼ੈਡ ਪਾ ਕੇ ਆਪਣਾ ਧੰਦਾ ਹੋਰ ਵਧਾਇਆ।
ਅੱਜ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਬੱਚਿਆਂ ਸਮੇਤ 45 ਪਸ਼ੂ ਹਨ। ਅਸੀਂ ਹਰ ਰੋਜ਼ 800 ਲੀਟਰ ਦੁੱਧ ਸਪਲਾਈ ਕਰ ਰਹੇ ਹਾਂ। ਕਿਸਾਨ ਨੇ ਕਿਹਾ ਕਿ ਇਕੱਲੇ ਪੈਸੇ ਲਾ ਕੇ ਧੰਦਾ ਨਹੀਂ ਚਲਦਾ ਸਾਨੂੰ ਆਪ ਵੀ ਮਿਹਨਤ ਕਰਨੀ ਪੈਂਦੀ ਹੈ ਤਾਂ ਹੀ ਕਾਮਯਾਬ ਹੋ ਸਕਦੇ ਹਾਂ। ਸਹਾਇਕ ਧੰਦਾ ਅਪਣਾ ਕੇ ਕਿਸਾਨ ਕਰਜ਼ਾ ਮੁਕਤ ਹੋ ਸਕਦੇ ਹਨ, ਪਰ ਲੋਕ ਕੰਮ ਨਹੀਂ ਕਰਦੇ ਇਸੇ ਕਾਰਨ ਉਹ ਕਰਜ਼ੇ ਵਿਚ ਉਲਝੇ ਪਏ ਹਨ।
ਅਸੀਂ ਸਾਈਕਲਾਂ ’ਤੇ ਦੁੱਧ ਪਾਉਣ ਵਾਲੇ ਇਨ੍ਹਾਂ ਗਾਵਾਂ ਦੇ ਸਿਰ ’ਤੇ ਵਿਦੇਸ਼ਾਂ ਤੱਕ ਘੁੰਮ ਆਏ ਹਾਂ। ਅਸੀਂ ਇਨ੍ਹਾਂ ਨਾਲ ਹੀ ਰਹਿੰਦੇ ਹਾਂ ਅਸੀਂ ਇਨ੍ਹਾਂ ਦੀ ਦੇਖਭਾਲ ਕਰਦੇ ਹਾਂ ਤੇ ਇਹ ਸਾਨੂੰ ਦੁੱਧ ਦਿੰਦੀਆਂ ਹਨ ਤੇ ਸਾਡਾ ਗੁਜ਼ਾਰਾ ਚੱਲਦਾ ਹੈ। ਅਸੀਂ ਐਚ.ਐਫ਼ ਨਸਲ ਦੀਆਂ ਗਾਵਾਂ ਪਾਲਦੇ ਹਾਂ, ਜਿਨ੍ਹਾਂ ਦੀ ਗਰੋਥ ਬਹੁਤ ਵਧੀਆ ਹੈ। ਹੁਣ ਸਾਡੇ ਕੋਲੋਂ ਅਨਮੋਲ ਕੰਪਨੀ ਦੁੱਧ ਚੁੱਕਦੀ ਹੈ।
ਲੋਕੀ ਕਹਿੰਦੇ ਹਨ ਕਿ ਗਾਂ ਦਾ ਦੁੱਧ ਪੀਲੇ ਰੰਗ ਦਾ ਹੁੰਦਾ ਹੈ ਪਰ ਸਾਡੀ ਗਾਵਾਂ ਦਾ ਦੁੱਧ, ਮਖਣੀ ਤੇ ਮਲਾਈ ਚਿੱਟੀ ਹੁੰਦੀ ਹੈ, ਕੋਈ ਪਛਾਣ ਨਹੀਂ ਸਕਦਾ ਕਿ ਦੁੱਧ ਮੱਝ ਦਾ ਹੈ ਗਾਂ ਦਾ। ਅਸੀਂ ਆਪਣੀ ਗਾਵਾਂ ਨੂੰ ਵਧੀਆ ਖ਼ੁਰਾਕ ਦਿੰਦੇ ਹਾਂ ਜਿਸ ਨਾਲ ਉਹ ਦੁੱਧ ਵੀ ਵਧੀਆ ਦਿੰਦੀਆਂ ਹਨ, ਜੇ ਅਸੀਂ ਖ਼ੁਰਾਕ ਹੀ ਮਾੜੀ ਦੇਵਾਂਗੇ ਤਾਂ ਦੁੱਧ ਵੀ ਉਦਾਂ ਹੀ ਮਿਲੇਗਾ। ਪਰਮਾਤਮਾ ਦੀ ਕਿਰਪਾ ਹੋਈ ਜਿਸ ਨਾਲ ਪਰਿਵਾਰ ਨੇ ਮੇਰਾ ਸਾਥ ਦਿਤਾ ਤੇ ਅੱਜ ਵਧੀਆ ਕੰਮ ਚੱਲ ਰਿਹਾ ਹੈ।
400 ਲੀਟਰ ਤੱਕ ਸਾਡਾ ਖ਼ਰਚਾ ਨਿਕਲਦਾ ਹੈ ਤੇ ਇਸ ਤੋਂ ਉਪਰ ਜਿੰਨਾ ਦੁੱਧ ਹੋਵੇਗਾ ਉਹ ਸਾਡੀ ਬੱਚਤ ਹੈ। ਸਾਡਾ 12 ਤੋਂ 15 ਹਜ਼ਾਰ ਰੁਪਏ ਇਕ ਦਿਨ ਦਾ ਖ਼ਰਚਾ ਹੈ ਤੇ ਇਕ ਦਿਨ ਦਾ 35 ਹਜ਼ਾਰ ਰੁਪਏ ਦਾ ਦੁੱਧ ਪੈ ਜਾਂਦਾ ਹੈ ਤੇ ਮਹੀਨੇ ਦਾ ਲੱਗਭਗ 10 ਲੱਖ ਰੁਪਏ ਕਮਾ ਲੈਂਦੇ ਹਾਂ। ਸਾਡੇ ਦੇਸ਼ ਦੇ ਨੌਜਵਾਨ ਬਾਹਰਲੇ ਮੁਲਕਾਂ ਵਲ ਭੱਜ ਰਹੇ ਹਨ ਕੀ ਉਹ ਉਥੇ ਵੇਹਲੇ ਰਹਿੰਦੇ ਹਨ ਨਹੀਂ ਉਨ੍ਹਾਂ ਨੂੁੰ ਉਥੇ ਵੀ ਕੰਮ ਕਰਨਾ ਪੈਂਦਾ ਹੈ ਤਾਂ ਹੀ ਕਮਾਉਂਦੇ ਹਨ,
ਪਰ ਜੇ ਉਹ ਇਥੇ ਹੀ ਰਹਿ ਕੇ ਮਿਹਨਤ ਕਰਨ ਤੇ ਕਾਮਯਾਬ ਹੋਣ ਤੇ ਪੰਜਾਬ ਨੂੰ ਅੱਗੇ ਵਧਾਉਣ। ਬਾਹਰਲੇ ਦੇਸ਼ਾਂ ਵਿਚ ਕਿਹੜਾ ਜਾ ਕੇ ਹੀ ਪੈਸੇ ਕਮਾਉਣ ਗੱਲ ਪੈਂਦੇ ਹਨ ਉਨ੍ਹਾਂ 4 ਤੋਂ 5 ਸਾਲ ਲੱਗ ਜਾਂਦੇ ਹਨ ਸੈਟ ਹੋਣ ਲਈ, ਪਹਿਲਾਂ ਤਾਂ ਜਿੰਨੇ ਪੈਸੇ ਲਗਾ ਕੇ ਗਿਆ ਉਹ ਪੂਰੇ ਕਰਨੇ, ਫਿਰ 12-12 ਘੰਟੇ ਕੰਮ ਕਰਨਾ, ਪਰਿਵਾਰ ਤੋਂ ਦੂਰ ਰਹਿਣਾ। ਜੇ ਅਸੀਂ ਉਨਾਂ ਕੰਮ ਪੰਜਾਬ ਵਿਚ ਰਹਿ ਕੇ ਕਰੀਏ ਤਾਂ ਉਨਾ ਨਹੀਂ ਤਾਂ ਉਸ ਤੋਂ ਥੋੜਾ ਘੱਟ ਕਮਾ ਹੀ ਲਵਾਂਗੇ ਤੇ ਆਪਣੇ ਪਰਿਵਾਰ ਨਾਲ ਰਹਾਂਗੇ।
ਸਾਡੇ ਨੌਜਵਾਨ ਬਾਹਰ ਨੂੰ ਭੱਜ ਰਹੇ ਹਨ ਇਸ ਦਾ ਕਾਰਨ ਸਾਡੀਆਂ ਸਰਕਾਰਾਂ ਹਨ। ਜੇ ਕੋਈ ਵਿਅਕਤੀ ਫ਼ਾਰਮਿੰਗ ਦਾ ਧੰਦਾ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ 2 ਗਾਵਾਂ ਤੋਂ ਕੰਮ ਸ਼ੁਰੂ ਕਰ ਸਕਦਾ ਹੈ ਤੇ ਇਕ ਗਾਂ 80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਮਿਲ ਜਾਂਦੀ ਹੈ। ਸਾਨੂੰ ਧੰਦਾ ਚਲਾਉਣ ਲਈ ਮਿਹਨਤ ਤੇ ਸਮਾਂ ਦੇਣਾ ਚਾਹੀਦਾ ਹੈ ਤੇ ਸਬਰ ਰੱਖ ਕੇ ਹੀ ਚੱਲਣਾ ਚਾਹੀਦਾ ਹੈ।