ਮੁਸਲਿਮ ਭਾਈਚਾਰੇ ਨੂੰ ਹਰ ਸੁਵਿਧਾ ਮੁਹਈਆ ਕਰਵਾਈ ਜਾਵੇਗੀ : ਮਨਪ੍ਰੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਸਲਿਮ ਭਾਈਚਾਰੇ ਦੇ ਵੱਡੇ ਤੇ ਪਵਿੱਤਰ ਤਿਉਹਾਰ ਈਦ-ਉਲ-ਫ਼ਿਤਰ ਦੇ ਦੇ ਮੌਕੇ 'ਤੇ ਸਥਾਨਕ ਵੱਡੀ ਈਦਗਾਹ ਵਿਖੇ ਮੁਸਲਿਮ ਭਾਈਚਾਰੇ ਨੂੰ ਸਰਕਾਰ ਦੀ ਤਰਫ਼ੋਂ

Manpreet Badal

ਮਲੇਰਕੋਟਲਾ, 26 ਜੂਨ (ਬਲਵਿੰਦਰ ਸਿੰਘ ਭੁੱਲਰ, ਇਸਮਾਈਲ ਏਸੀਆ) :  ਮੁਸਲਿਮ ਭਾਈਚਾਰੇ ਦੇ ਵੱਡੇ ਤੇ ਪਵਿੱਤਰ ਤਿਉਹਾਰ ਈਦ-ਉਲ-ਫ਼ਿਤਰ ਦੇ ਦੇ ਮੌਕੇ 'ਤੇ ਸਥਾਨਕ ਵੱਡੀ ਈਦਗਾਹ ਵਿਖੇ ਮੁਸਲਿਮ ਭਾਈਚਾਰੇ ਨੂੰ ਸਰਕਾਰ ਦੀ ਤਰਫ਼ੋਂ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦੇਣ ਲਈ ਮੁੱਖ ਮੰਤਰੀ ਪੰਜਾਬ ਵਲੋਂ ਸ਼ਾਮਲ ਹੋਏ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰਾਜ ਵਿਚ ਭਾਈਚਾਰਕ ਸਾਂਝ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਮਾੜੀਆਂ ਤਾਕਤਾਂ ਨੂੰ ਪੰਜਾਬ ਸਰਕਾਰ ਵਲੋਂ ਕਿਸੇ ਕੀਮਤ 'ਤੇ ਵੀ ਸਫ਼ਲ ਨਹੀਂ ਹੋਣ ਦਿਤਾ ਜਾਵੇਗਾ। ਉਹ ਇਥੇ ਲਗਭਗ 50 ਹਜ਼ਾਰ ਦੇ ਵੱਡੇ ਇਕੱਠ ਨੂੰ ਈਦ ਦੀ ਹੋਈ ਵਿਸ਼ੇਸ਼ ਨਮਾਜ਼ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ ਦੇ ਪੜ੍ਹਾਉਣ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ਸਰਕਾਰ ਵਲੋਂ ਈਦ-ਉਲ-ਫ਼ਿਤਰ ਦੀ ਨਿੱਘੀ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੈਗੰਬਰ ਏ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੇ ਆਉਣ ਨਾਲ ਦੁਨੀਆਂ ਦੇ ਸਾਰੇ ਰੰਗ ਪੂਰੇ ਹੋ ਗਏ ਜਿਨ੍ਹਾਂ ਦੇ ਆਉਣ ਤੋਂ ਪਹਿਲਾਂ ਸਮੁੱਚੀ ਦੁਨੀਆਂ 'ਚ ਇਹ ਰੰਗ ਅਧੂਰੇ ਸੀ, ਪਰ ਆਪ ਦੇ ਆਉਣ ਨਾਲ ਆਪਸੀ ਭਾਈਚਾਰੇ, ਮਿਲਵਰਤਨ ਅਤੇ ਅਮਨ-ਸ਼ਾਂਤੀ ਦਾ ਸੰਦੇਸ਼ ਦਿਤਾ ਹੈ, ਉੱਥੇ ਹੀ ਮਨੁੱਖੀ ਕਦਰਾਂ ਕੀਮਤਾਂ ਦਾ ਸਬਕ ਵੀ ਪੜ੍ਹਾਇਆ ਹੈ।
ਇਸ ਮੌਕੇ ਉਨ੍ਹਾਂ ਜਿਥੇ ਕਾਂਗਰਸ ਸਰਕਾਰ ਦੇ ਪਹਿਲੇ ਬਜਟ ਵਿਚ ਮੁਸਲਿਮ ਭਾਈਚਾਰੇ ਲਈ ਵੱਡੀਆਂ ਸੁਵਿਧਾਵਾਂ ਦੇਣ ਦਾ ਐਲਾਨ ਕੀਤਾ, ਉੱਥੇ ਹੀ ਉਨ੍ਹਾਂ ਈਦਗਾਹ ਲਈ ਪੰਜਾਬ ਸਰਕਾਰ ਦੀ ਤਰਫ਼ੋਂ ਇਕ ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਦਸਿਆ ਕਿ ਬਜਟ ਵਿਚ ਪਹਿਲੀ ਵਾਰ ਸਰਕਾਰ ਵਲੋਂ ਮਲੇਰਕੋਟਲਾ ਵਿਖੇ ਉਰਦੂ ਅਕਾਦਮੀ ਲਈ 3 ਕਰੋੜ ਰੁਪਏ, ਪੰਜਾਬ ਵਿਚ ਕਬਰਸਤਾਨਾਂ ਲਈ 10 ਕਰੋੜ ਰੁਪਏ ਅਤੇ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਵੀ ਮੁਸਲਿਮ ਭਾਈਚਾਰੇ ਲਈ ਸ਼ਾਮਲ ਹੈ।  
ਇਸ ਤੋਂ ਬਾਅਦ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਈਦਗਾਹ ਲਈ ਅਪਣੇ ਫ਼ੰਡ ਵਿਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਉਥੇ ਹੀ ਕਾਂਗਰਸ ਸਰਕਾਰ ਦੀ ਤਰਫ਼ੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ਦਾ ਪੂਰਨ ਵਿਸ਼ਵਾਸ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵਿਖੇ ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਲਈ ਕਾਂਗਰਸ ਸਰਕਾਰ ਵਲੋਂ ਕੀਤਾ ਗਿਆ ਵਾਅਦਾ ਵੀ ਜ਼ਰੂਰ ਪੂਰਾ ਕੀਤਾ ਜਾਵੇਗਾ।  ਇਸ ਤੋਂ ਪਹਿਲਾ ਸਥਾਨਕ ਵਿਧਾਇਕਾ ਤੇ ਲੋਕ ਨਿਰਮਾਣ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਸ. ਬਾਦਲ ਅਤੇ ਸਿੱਧੂ ਦਾ ਸਵਗਤ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਤਰਫ਼ੋਂ ਬਜਟ ਵਿੱਚ ਮੁਸਲਿਮ ਭਾਈਚਾਰੇ ਲਈ ਲਏ ਗਏ ਮਹੱਤਵਪੂਰਨ ਫ਼ੈਸਲਿਆਂ ਲਈ ਧੰਨਵਾਦ ਕੀਤਾ। ਉਨ੍ਹਾਂ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਭੇਟ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਕੀਤਾ ਵਾਅਦਾ ਜਲਦੀ ਹੀ ਪੂਰਾ ਕੀਤਾ ਜਾਵੇਗਾ। ਆਖਰ ਵਿਚ ਡੀ.ਜੀ.ਪੀ ਹਿਊਮਨ ਰਾਈਟਸ ਮੁਹੰਮਦ ਮੁਸਤਫ਼ਾ ਨੇ ਪੰਜਾਬ ਸਰਕਾਰ ਵਲੋਂ ਆਏ ਮਹਿਮਾਨਾਂ ਤੇ ਸਥਾਨਕ ਲੋਕਾਂ ਦਾ ਵਿਸ਼ੇਸ਼ ਤੌਰ 'ਤੇ ਧਨਵਾਦ ਕਰਦਿਆਂ ਕਿਹਾ ਕਿ ਮਲੇਰਕੋਟਲਾ ਹਾਊਸ ਵਲੋਂ ਜੋ ਕਿਹਾ ਜਾਂਦਾ ਹੈ, ਉਸ ਵਾਅਦੇ ਨੂੰ ਹਰ ਕੀਮਤ 'ਤੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਰਾਜ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੂੰ ਇੰਤਜ਼ਾਮੀਆ ਕਮੇਟੀ ਈਦਗਾਹ ਸਮੇਤ ਵੱਖ-ਵੱਖ ਸੰਸਥਾਵਾਂ ਦੀ ਤਰਫੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਡੀ.ਜੀ.ਪੀ ਹਿਊਮਨ ਰਾਈਟਸ ਮੁਹੰਮਦ ਮੁਸਤਫ਼ਾ, ਡਿਪਟੀ ਕਮਿਸ਼ਨਰ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ, ਐਸ.ਐਸ.ਪੀ ਸ੍ਰੀ ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ ਮਾਲੇਰਕੋਟਲਾ ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਤਹਿਸੀਲਦਾਰ ਮੁਹੰਮਦ ਸਿਰਾਜ, ਨਗਰ ਕੌਂਸਲ ਦੇ ਪ੍ਰਧਾਨ ਇਕਬਾਲ ਫ਼ੌਜੀ, ਈ.ਓ ਚਰਨਜੀਤ ਸਿੰਘ, ਡਾ. ਮੁਹੰਮਦ ਸ਼ਬੀਰ, ਜਗਦੀਸ਼ ਜੱਗੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੁੱਖ ਸਿੰਘ ਟਿਵਾਣਾ, ਸਾਹਿਬਜਾਦਾ ਨਦੀਮ ਅਨਵਾਰ ਖਾਂ, ਈਦਗਾਹ ਕਮੇਟੀ ਦੇ ਪ੍ਰਧਾਨ ਮੁਹੰਮਦ ਨਾਸਰ, ਅਰਵਿੰਦਰਪਾਲ ਸਿੰਘ ਲਵਲੀ, ਕੌਂਸਲਰ ਚੋਧਰੀ ਮੁਹੰਮਦ ਬਸ਼ੀਰ, ਐਡਵੋਕੇਟ ਇਜਾਜ ਆਲਮ, ਮੁਹੰਮਦ ਹਬੀਬ ਕੌਂਸਲਰ, ਮੁਹੰਮਦ ਇਬਰਾਹੀਮ ਕੌਂਸਲਰ, ਯੂਥ ਕਾਂਗਰਸ ਮਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਸੁਹੈਬ ਸ਼ੈਬੀ, ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਕੌਂਸਲਰ ਫਾਰੂਕ ਅਨਸਾਰੀ, ਅਬਾਸ ਧਾਲੀਵਾਲ, ਹਨੀਫ ਅਬਦਾਲੀ, ਐਡਵੋਕੇਟ ਅਬਦੁਲ ਸੱਤਾਰ, ਰਮਜ਼ਾਨ ਜਾਨੀ ਸਰਪੰਚ, ਮਨੂ ਸ਼ਰਮਾ, ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਤੇ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।