ਇੰਗਲੈਂਡ 'ਚ ਤਨਮਨਜੀਤ ਸਿੰਘ ਦੀ ਜਿੱਤ 'ਤੇ ਪਿੰਡ ਰਾਏਪੁਰ 'ਚ ਜਸ਼ਨਾਂ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢੇਸੀ ਦੀ ਜਿੱਤ ਨੇ ਪੰਜਾਬੀਆਂ ਦਾ ਮਾਣ ਵਧਾਇਆ : ਚਾਚਾ ਪਰਮਜੀਤ ਸਿੰਘ ਰਾਏਪੁਰਜਲੰਧਰ ਛਾਉਣੀ, 9 ਜੂਨ (ਐਚ ਐਸ ਚਾਵਲਾ) : ਇੰਗਲੈਂਡ ਦੀਆਂ ਆਮ ਚੋਣਾਂ ਵਿਚ ਪਹਿਲੇ ਪਗੜੀਧਾਰੀ

Celebrations

ਢੇਸੀ ਦੀ ਜਿੱਤ ਨੇ ਪੰਜਾਬੀਆਂ ਦਾ ਮਾਣ ਵਧਾਇਆ : ਚਾਚਾ ਪਰਮਜੀਤ ਸਿੰਘ ਰਾਏਪੁਰ
ਜਲੰਧਰ ਛਾਉਣੀ, 9 ਜੂਨ (ਐਚ ਐਸ ਚਾਵਲਾ) : ਇੰਗਲੈਂਡ ਦੀਆਂ ਆਮ ਚੋਣਾਂ ਵਿਚ ਪਹਿਲੇ ਪਗੜੀਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਦੀ ਜਿੱਤ 'ਤੇ ਉਸ ਦੇ ਪਿੰਡ ਵਿਚ ਖ਼ੁਸ਼ੀ ਤੇ ਜਸ਼ਨ ਦਾ ਮਾਹੌਲ ਹੈ। ਜਲੰਧਰ ਛਾਉਣੀ ਅਧੀਨ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਰਾਏਪੁਰ ਵਿਚ ਢੋਲ ਵੱਜ ਰਹੇ ਹਨ ਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ।
ਤਨਮਨਜੀਤ ਸਿੰਘ ਢੇਸੀ ਦੇ ਚਾਚਾ ਪਰਮਜੀਤ ਸਿੰਘ ਰਾਏਪੁਰ ਜਿਹੜੇ ਸੀਨੀਅਰ ਅਕਾਲੀ ਆਗੂ ਅਤੇ ਐਸਜੀਪੀਸੀ ਮੈਂਬਰ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਨਮਨਜੀਤ ਸਿੰਘ ਢੇਸੀ ਦੀ ਜਿੱਤ ਨੇ ਸਾਰੀ ਦੁਨੀਆਂ ਵਿਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਢੇਸੀ ਨੇ ਯੂ.ਕੇ. ਦੇ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਅਤੇ ਅਪਣੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਮਾਰਕ ਵਿਵਿਸ ਨੂੰ 17000 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।
ਸ. ਰਾਏਪੁਰ ਨੇ ਦਸਿਆ ਕਿ ਤਨਮਨਜੀਤ ਸਿੰਘ ਦਾ ਜਨਮ ਪੰਜਾਬ ਹੀ ਵਿਚ ਹੋਇਆ ਅਤੇ ਉਸ ਨੇ ਮੁਢਲੀ ਸਿਖਿਆ ਜਲੰਧਰ ਤੋਂ ਹੀ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਉਹ ਯੂ.ਕੇ. ਚਲਾ ਗਿਆ ਤੇ ਉਥੇ ਉਸ ਨੇ ਆਕਸਫ਼ੋਰਡ ਅਤੇ ਕੈਂਬਰਿਜ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ। ਪਹਿਲਾਂ ਉਹ ਸ਼ਹਿਰ ਦਾ ਮੇਅਰ ਅਤੇ ਚੇਅਰਮੈਨ ਵੀ ਰਹਿ ਚੁੱਕਾ ਹੈ। ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਯੂ.ਕੇ. ਵਿਚ ਨਿਰਮਾਣ ਕੰਪਨੀ ਚਲਾ ਰਹੇ ਹਨ ਅਤੇ ਉਹ ਗੁਰਦਵਾਰਾ ਗੁਰੂ ਨਾਨਕ ਦਰਬਾਰ (ਗਰੇਵਸੈਂਡ) ਦੇ ਮੁਖੀ ਵੀ ਰਹਿ ਚੁੱਕੇ ਹਨ।
ਇਸ ਮੌਕੇ ਜ਼ਿਲ੍ਹਾ ਅਕਾਲੀ ਜੱਥਾ ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਚੰਨੀ, ਸਰਵਣ ਸਿੰਘ ਢੇਸੀ, ਸਰਪੰਚ ਜੁਗਿੰਦਰ ਸਿੰਘ ਖ਼ਾਲਸਾ, ਸਰਪੰਚ ਹੁਸਨ ਲਾਲ ਵੀ ਮੌਜੂਦ ਸਨ।