ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲਈ ਬਜਟ 'ਚ ਹੋਵੇਗੀ ਫ਼ੰਡ ਦਾ ਤਜਵੀਜ਼
ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਬਜਟ 'ਚ ਪ੍ਰਾਵਧਾਨ ਕਰ ਰਹੀ ਹੈ। ਕਿਹੜੇ ਜਾਂ ਕਿੰਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ ਇਸ ਬਾਰੇ..
ਚੰਡੀਗੜ੍ਹ, 12 ਜੂਨ (ਜੈ ਸਿੰਘ ਛਿੱਬਰ) : ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਬਜਟ 'ਚ ਪ੍ਰਾਵਧਾਨ ਕਰ ਰਹੀ ਹੈ। ਕਿਹੜੇ ਜਾਂ ਕਿੰਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ ਇਸ ਬਾਰੇ ਸਰਕਾਰ ਡੂੰਘੀ ਛਾਣਬੀਣ 'ਚ ਜੁਟੀ ਹੋਈ ਹੈ। ਪਰ, ਇਹ ਤੈਅ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਿਸਾਨਾਂ ਨਾਲ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨੂੰ ਅਮਲੀ ਰੂਪ ਦੇਵੇਗੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਿਸਾਨਾਂ ਦੇ ਕਰਜ਼ੇ ਦੀ ਮੁਆਫ਼ੀ ਲਈ ਬਜਟ ਵਿਚ ਪ੍ਰਾਵਧਾਨ (ਫ਼ੰਡ) ਕੀਤਾ ਜਾ ਰਿਹਾ ਹੈ। ਦਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਭਲਕੇ, ਸ਼ੁਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ 20 ਜੂਨ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿੱਤੀ ਸਾਲ ਦਾ ਬਜਟ ਪੇਸ਼ ਕਰਨਗੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਬਾਰੇ ਪੂਰੀ ਘੋਖ ਪੜਤਾਲ ਕੀਤੀ ਜਾ ਰਹੀ ਹੈ, ਜਿਉਂ ਹੀ ਪੂਰੇ ਅੰਕੜੇ ਮਿਲ ਗਏ ਉਦੋਂ ਹੀ ਕਿਸਾਨਾਂ ਨੂੰ ਕਰਜ਼ੇ ਤੋਂ ਛੁਟਕਾਰਾ ਮਿਲ ਜਾਵੇਗਾ।
ਉਨ੍ਹਾਂ ਮੰਨਿਆ ਕਿ ਪੰਜਾਬ ਦੀ ਵਿੱਤੀ ਹਾਲਤ ਬਹੁਤੀ ਚੰਗੀ ਨਹੀਂ ਹੈ ਤੇ ਕੇਂਦਰ ਸਰਕਾਰ ਤੋਂ ਵੱਡੀ ਰਾਹਤ ਦੀ ਉਮੀਦ ਵੀ ਨਹੀਂ। ਪਰ, ਪੰਜਾਬ ਸਰਕਾਰ ਅਪਣੇ ਸਾਧਨਾਂ ਤੋਂ ਧੰਨ ਦੀ ਵਿਵਸਥਾ ਕਰਨ ਵਿੱਚ ਜੁਟੀ ਹੋਈ ਹੈ ਜਿਥੇ ਖਰਚਿਆਂ ਵਿਚ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਬਜਟ ਬਾਰੇ ਵਿਸਥਾਰ 'ਚ ਜਾਣਕਾਰੀ ਦੇਣ ਤੋਂ ਮਨਾ ਕੀਤਾ ਪਰ ਨਾਲ ਹੀ ਕਿਹਾ ਕਿ ਬਜਟ 'ਚ ਹਰ ਵਰਗ ਦਾ ਖ਼ਿਆਲ ਰਖਿਆ ਜਾਵੇਗਾ ਤੇ ਹਰੇਕ ਵਿਅਕਤੀ ਲਈ ਲਾਭਦਾਇਕ ਹੋਵੇਗਾ।