ਕਾਂਗਰਸੀਆਂ ਨੇ ਢੀਂਡਸਾ ਦੀ ਗੱਡੀ ਘੇਰੀ, ਉਪਰ ਸੁੱਟੇ ਨਕਲੀ ਨੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦੇ ਪ੍ਰੋਗਰਾਮ 'ਸੱਭ ਕਾ ਸਾਥ ਸੱਭ ਕਾ ਵਿਕਾਸ' ਵਾਲੇ ਸਥਾਨ ਦੇ ਬਾਹਰ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦ ਯੂਥ ਕਾਂਗਰਸੀਆਂ ਨੇ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ

Protest

ਸੰਗਰੂਰ, 11 ਜੂਨ (ਗੁਰਦਰਸ਼ਨ ਸਿੰਘ ਸਿੱਧੂ) : ਭਾਜਪਾ ਦੇ ਪ੍ਰੋਗਰਾਮ 'ਸੱਭ ਕਾ ਸਾਥ ਸੱਭ ਕਾ ਵਿਕਾਸ' ਵਾਲੇ ਸਥਾਨ ਦੇ ਬਾਹਰ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦ ਯੂਥ ਕਾਂਗਰਸੀਆਂ ਨੇ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਪੂਨਮ ਕਾਂਗੜਾ ਦੀ ਅਗਵਾਈ ਹੇਠ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ। ਮੌਕੇ 'ਤੇ ਥਾਣਾ ਸਦਰ ਸੁਨਾਮ ਅਤੇ ਸੰਗਰੂਰ ਸਿਟੀ ਥਾਣੇ ਦੇ ਇੰਚਾਰਜ ਭਾਰੀ ਗਿਣਤੀ ਪੁਲਿਸ ਫ਼ੋਰਸ ਨਾਲ ਪੁੱਜੇ ਜਿਨਾਂ ਯੂਥ ਕਾਂਗਰਸੀਆਂ ਨੂੰ ਰੋਕਣਾ ਚਾਹਿਆ ਤਾਂ ਦੋਹਾਂ ਧਿਰਾਂ ਵਿਚਕਾਰ ਝੜਪ ਹੋ ਗਈ। ਰੋਸ ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸੀਆਂ ਨੇ ਕਾਲੇ ਚੋਲੇ ਪਾਏ ਹੋਏ ਸਨ ਅਤੇ ਹੱਥਾਂ ਵਿੱਚ ਨਕਲੀ ਨੋਟ ਫੜੇ ਹੋਏ ਸਨ।
ਇਸ ਮੌਕੇ ਯੂਥ ਕਾਂਗਰਸੀਆਂ ਨੇ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਗੱਡੀ ਨੂੰ ਘੇਰ ਲਿਆ ਅਤੇ ਦੇਸ਼ ਦਾ ਕਾਲਾ ਧਨ ਵਾਪਸ ਲਿਆਉਣ ਦੇ ਨਾਹਰੇ ਲਾਉਂਦਿਆਂ ਢੀਂਡਸਾ ਦੀ ਗੱਡੀ ਉਪਰ ਨਕਲੀ ਨੋਟ ਸੁੱਟੇ। ਇਸ ਦੌਰਾਨ ਪੁਲਿਸ ਅਤੇ ਯੂਥ ਕਾਂਗਰਸੀਆਂ ਵਿਚ ਕਾਫ਼ੀ ਖਿੱਚ ਧੂਹ ਅਤੇ ਧੱਕਾ ਮੁੱਕੀ ਹੁੰਦੀ ਰਹੀ। ਮੌਕੇ 'ਤੇ ਮੌਜੂਦ ਪੁਲਿਸ ਨੇ ਮੁਸ਼ਕਲ ਨਾਲ ਢੀਂਡਸਾ ਦੀ ਗੱਡੀ ਉਥੋਂ ਕੱਢੀ।
ਪੂਨਮ ਕਾਂਗੜਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ 'ਅੱਛੇ ਦਿਨਾਂ'  ਦੇ ਸੁਪਨੇ ਵਿਖਾ ਕੇ ਸੱਤਾ ਵਿੱਚ ਆਏ ਨਰਿੰਦਰ ਮੋਦੀ ਨੇ ਸਿਰਫ਼ ਭਾਜਪਾਈਆਂ ਦੇ ਹੀ ਅੱਛੇ ਦਿਨ ਲਿਆਂਦੇ ਹਨ ਜਦਕਿ ਕੇਂਦਰ ਸਰਕਾਰ ਦੇ ਗ਼ਲਤ ਫ਼ੈਸਲਿਆਂ ਕਾਰਨ ਜਨਤਾ ਬੁਰੇ ਦੌਰ ਵਿਚ ਲੰਘ ਰਹੀ ਹੈ। ਇਸ ਮੌਕੇ ਗੁਰਪਿਆਰ ਸਿੰਘ ਕੋਟਦੂਣਾ, ਲਖਮੀਰ ਸਿੰਘ ਸੇਖੋਂ, ਹਰਪਿੰਦਰ ਕੌਰ ਸੱਗੂ, ਸੰਦੀਪ ਕੌਰ ਸਾਰੋਂ, ਕੁਸ਼ੱਲਿਆ ਦੇਵੀ, ਸ਼ਕਤੀਜੀਤ ਸਿੰਘ, ਪਰਮਜੀਤ ਪੰਮੀ, ਇੰਦਰਜੀਤ ਨੀਲੂ ਆਦਿ ਮੌਜੂਦ ਸਨ।