ਕਿਸਾਨਾਂ ਤੇ ਅਕਾਲੀ-ਭਾਜਪਾ ਵਰਕਰਾਂ ਵਲੋਂ ਪੰਜਾਬ ਭਰ 'ਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕਿਸਾਨਾਂ ਵਲੋਂ ਕਰਜ਼ੇ ਮੁਆਫ਼ੀ ਅਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਮੁਤਾਬਕ ਤੈਅ ਕਰਨ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿਚ ਰੋਸ ਵਿਖਾਵੇ ਕੀਤੇ

Protest

ਚੰਡੀਗੜ੍ਹ/ਅੰਮ੍ਰਿਤਸਰ, 12 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਕਿਸਾਨਾਂ ਵਲੋਂ ਕਰਜ਼ੇ ਮੁਆਫ਼ੀ ਅਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਮੁਤਾਬਕ ਤੈਅ ਕਰਨ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿਚ ਰੋਸ ਵਿਖਾਵੇ ਕੀਤੇ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਬੀ.ਕੇ.ਯੂ. ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਸਮੇਤ ਸੱਤ ਜਥੇਬੰਦੀਆਂ ਨੇ ਜ਼ਿਲ੍ਹਾ ਮੁੱਖ ਦਫ਼ਤਰਾਂ 'ਤੇ ਧਰਨੇ ਦਿਤੇ।
ਵਿਖਾਵਾਕਾਰੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕਾਰਕੁਨ ਵੀ ਸ਼ਾਮਲ ਹੋਏ। ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਕਾਂਗਰਸ ਸਰਕਾਰ ਵਿਰੁਧ ਡੀ.ਸੀ. ਦਫ਼ਤਰ ਬਾਹਰ ਰੋਸ ਧਰਨਾ ਦਿਤਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਯਾਦ ਪੱਤਰ ਭੇਜਿਆ। ਇਸ ਧਰਨੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਤਰੁਣ ਚੁੱਘ, ਸਾਬਕਾ ਮੰਤਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਲੋਪੋਕੇ, ਮਲਕੀਤ ਸਿੰਘ ਏ ਆਰ, ਮਨਜੀਤ ਸਿੰਘ ਮੰਨਾ, ਭਾਜਪਾ ਸ਼ਹਿਰੀ ਪ੍ਰਧਾਨ ਰਾਜੇਸ਼ ਹਨੀ, ਰਾਜੇਸ਼ ਗਿੱਲ, ਰਾਜਿੰਦਰ ਮੋਹਨ ਸਿੰਘ ਛੀਨਾ ਆਦਿ ਨੇ ਸੰਬੋਧਨ ਕਿਹਾ ਕਿ ਕਾਂਗਰਸ ਸਰਕਾਰ ਅਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।
ਸ. ਮਜੀਠੀਆ ਨੇ ਧਰਨੇ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ 'ਤੇ ਕਈ ਤਿੱਖੇ ਹਮਲੇ ਕੀਤੇ। ਉਨ੍ਹਾਂ ਕਾਂਗਰਸ ਨੂੰ ਕਿਹਾ ਕਿ ਚੋਣ ਵਾਅਦਿਆਂ ਬਾਰੇ ਲੋਕ ਜਵਾਬ ਮੰਗ ਰਹੇ ਹਨ। ਪਾਰਟੀ ਚਾਹੁੰਦੀ ਸੀ ਕਿ ਕਾਂਗਰਸ ਸਰਕਾਰ ਨੂੰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਿਆਂ ਕਰਨ ਲਈ ਵਧ ਤੋਂ ਵਧ ਟਾਈਮ ਦਿਤਾ ਜਾਵੇ, ਪਰ ਸਰਕਾਰ ਦੇ ਮਹਿਜ਼ ਤਿੰਨ ਮਹੀਨਿਆਂ ਵਿਚ ਹੀ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਅੱਜ ਕਾਂਗਰਸ ਦਾ ਗ੍ਰਾਫ਼ ਫਰਸ਼ 'ਤੇ ਆਣ ਡਿੱਗਾ ਹੈ।
ਉਨ੍ਹਾਂ ਰਾਹੁਲ ਗਾਂਧੀ 'ਤੇ ਚੋਟ ਮਾਰਦਿਆਂ ਕਿਹਾ ਕਿ ਰਾਹੁਲ ਮੱਧ ਪ੍ਰਦੇਸ਼ ਵਿਚ ਤਾਂ ਕਿਸਾਨਾਂ ਦੇ ਅੰਦੋਲਨ ਵਿਚ ਪਹੁੰਚਣ ਲਈ ਤਰਲੋ ਮੱਛੀ ਰਿਹਾ ਪਰ ਉਹ ਬੀਤੇ ਦਿਨੀਂ ਪੰਜਾਬ ਦੌਰੇ 'ਤੇ ਆਉਣ ਦੇ ਬਾਵਜੂਦ ਖ਼ੁਦਕੁਸ਼ੀ ਕਰ ਗਏ ਕਿਸੇ   (ਬਾਕੀ ਸਫ਼ਾ 10 'ਤੇ)
ਕਿਸਾਨ ਦੇ ਪਰਵਾਰ ਨੂੰ ਮਿਲਣ ਨਹੀਂ ਗਏ। ਕਿਸਾਨਾਂ ਨਾਲ ਰਾਹੁਲ ਅਤੇ ਕਾਂਗਰਸ ਨੇ ਜੋ ਚੋਣਾਂ ਦੌਰਾਨ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਤੋਂ ਉਹ ਮੁੱਕਰ ਚੁੱਕੇ ਹਨ। ਉਨ੍ਹਾਂ ਕਾਂਗਰਸ ਸਰਕਾਰ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਚੋਣਾਂ ਦੌਰਾਨ ਕਿਸਾਨਾਂ ਦਾ ਸਾਰਾ ਕਰਜ਼ਾ ਬਿਨਾ ਸ਼ਰਤ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ 51 ਹਜ਼ਾਰ ਸ਼ਗਨ ਦੇਣ, 2500 ਬੇਰੁਜ਼ਗਾਰੀ ਭੱਤਾ ਦੇਣ ਅਤੇ 2000 ਰੁਪੈ ਪੈਨਸ਼ਨ ਦੇਣ, 300 ਯੂਨਿਟ ਬਿਜਲੀ ਫਰੀ ਦੇਣ ਆਦਿ ਵਾਅਦਿਆਂ ਨੂੰ ਵੀ ਯਾਦ ਦਿਵਾਇਆ।
ਮਜੀਠੀਆ ਨੇ ਡੀ ਸੀ ਨੂੰ ਕਿਹਾ ਕਿ ਉਨ੍ਹਾਂ ਨੇ ਸਸਤੀ ਰਸੋਈ ਲਈ ਇਕ ਆਈਟਮ ਪਰਾਉਂਠਿਆਂ ਦੀ ''ਰਾਣਾ ਛੋਟੂ'' ਰੇਹੜੀ ਲੈ ਕੇ ਆਏ ਹਨ ਜਿਸ ਵਿੱਚ ਪਰਾਉਂਠਿਆਂ ਨਾਲ ਮਹਿੰਗੀ ਰੇਤ ਵੀ ਪਰੋਸੀ ਜਾਵੇਗੀ। ਕਾਂਗਰਸ ਨੇ ਅਕਾਲੀ ਭਾਜਪਾ ਸਰਕਾਰ ਸਮੇਂ ਰੇਤ ਮਹਿੰਗੀ ਹੋਣ ਦਾ ਦੋਸ਼ ਲਾਇਆ ਪਰ ਉਹੀ ਰੇਤ ਅੱਜ ਤਿੰਨ ਤੋਂ ਪੰਜ ਗੁਣਾ ਵਧ ਮਹਿੰਗੀ ਹੋ ਚੁੱਕੀ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਅੰਤ ਸਿੰਘ ਦਾ ਪੋਤਰਾ ਅਤੇ ਮੰਤਰੀ ਰਾਣਾ ਗੁਰਜੀਤ ਦਾ ਰਸੋਈਆਂ ਹੀ ਬੇਰੁਜ਼ਗਾਰ ਅਤੇ ਲੋੜਵੰਦ ਨਜ਼ਰ ਆਏ ਹਨ ਜਿਨ੍ਹਾਂ ਨੂੰ ਉਨ੍ਹਾਂ ਡੀ.ਐਸ.ਪੀ. ਲਾਉਂਦਿਆਂ ਨੌਕਰੀ ਦਿਤੀ ਅਤੇ ਰਸੋਈਏ ਨੂੰ ਜਿਸ ਦੀ ਆਮਦ ਸਿਰਫ਼ 9 ਹਜ਼ਾਰ ਰੁਪੈ ਮਹੀਨਾ ਹੈ ਨੂੰ 26 ਕਰੋੜ ਦੀ ਖੱਡ ਨਿਲਾਮ ਕੀਤੀ ਗਈ। ਉਨ੍ਹਾਂ ਖੱਡਾਂ ਦੀ ਨਿਲਾਮੀ ਪ੍ਰਤੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।
ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਮੰਤਰੀਆਂ ਵਲੋਂ ਸ਼ਰੇਆਮ ਅਪਣੀ ਤਾਕਤ ਦੀ ਗ਼ਲਤ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਦਾ ਕਰਜ਼ਾ ਨਾ ਮੁਆਫ਼ ਕਰ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕਰਨ ਅਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਵਿੱਚ ਅਸਫਲ ਹੋਣ 'ਤੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।
ਧਰਨੇ 'ਚ ਗ਼ਰੀਬਾਂ ਦੀਆਂ ਪੈਨਸ਼ਨਾਂ, ਨੀਲੇ ਕਾਰਡ ਅਤੇ ਸ਼ਗਨ ਸਕੀਮਾਂ ਨੂੰ ਬੰਦ ਕਰਨ ਵਾਲੀ ਕਾਂਗਰਸ ਸਰਕਾਰ ਮੁਰਦਾਬਾਦ, ਰੇਤ ਦੇ ਟੈਂਡਰਾਂ ਵਿੱਚ ਕਰੋੜਾਂ ਦੇ ਘਪਲੇ ਦੇ ਦੋਸ਼ੀ ਰਾਣਾ ਗੁਰਜੀਤ ਨੂੰ ਬਰਖ਼ਾਸਤ ਕਰੋ, ਸੈਂਕੜੇ ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਮੁਰਦਾਬਾਦ, ਪੰਜਾਬ ਵਿੱਚ ਗੈਂਗਸਟਰਾਂ ਅਤੇ ਗੁੰਡਾਗਰਦੀ ਨੂੰ ਸ਼ੈਅ ਦੇਣ ਵਾਲੀ ਕਾਂਗਰਸ ਸਰਕਾਰ ਮੁਰਦਾਬਾਦ ਦੇ ਬੈਨਰ ਲੱਗੇ ਹੋਏ ਸਨ। ਇਸ ਮੌਕੇ ਸ੍ਰ ਮਜੀਠੀਆ ਵੱਲੋਂ ਪਰਾਉਂਠਿਆਂ ਵਾਲੀ ਰਾਣਾ ਛੋਟੂ ਹਾਈਵੇ ਢਾਬਾ ਦੇ ਨਾਮ 'ਤੇ ਇੱਕ ਰੇਹੜੀ ਲਾਈ ਗਈ ਜਿਸ 'ਤੇ ਇਥੇ ਰੇਤ ਦੇ ਸਪੈਸ਼ਲ ਪਰੌਂਠੇ ਮਿਲਦੇ ਹਨ ਲਿਖਿਆ ਹੋਇਆ ਸੀ।
ਇਸ ਮੌਕੇ ਤਲਬੀਰ ਸਿੰਘ ਗਿੱਲ, ਸੁਰਜੀਤ ਸਿੰਘ ਭਿਟੇਵਡ, ਮਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ) ਸਮੇਤ ਬਹੁਤ ਸਾਰੇ ਪੰਚ ਸਰਪੰਚ ਅਤੇ ਅਕਾਲੀ-ਭਾਜਪਾ ਵਰਕਰ ਮੌਜੂਦ ਸਨ।