ਮਹਿਲਾ ਕਾਂਸਟੇਬਲ ਖ਼ੁਦਕੁਸ਼ੀ ਮਾਮਲਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਲੇ ਪਿੰਡ ਖੰਡੂਰ ਦੇ ਸਮਸ਼ਾਨਘਾਟ ਵਿਖੇ ਦੁਪਿਹਰ 2:30 ਵਜੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਦੇਖਰੇਖ ਹੇਠ ਸਰਕਾਰੀ ਸਨਮਾਨਾਂ ਨਾਲ ਮ੍ਰਿਤਕ ਕਾਂਸਟੇਬਲ ਅਮਰਪ੍ਰੀਤ ਕੌਰ ਦਾ..

Cremation

ਗੁਰੂਸਰ ਸੁਧਾਰ/ਮੁੱਲਾਂਪੁਰ ਦਾਖਾ/ਜੋਧਾਂ, 12 ਜੂਨ (ਵਿਨੈ ਵਰਮਾ, ਮਨਦੀਪ) : ਨੇੜਲੇ ਪਿੰਡ ਖੰਡੂਰ ਦੇ ਸਮਸ਼ਾਨਘਾਟ ਵਿਖੇ ਦੁਪਿਹਰ 2:30 ਵਜੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਦੇਖਰੇਖ ਹੇਠ ਸਰਕਾਰੀ ਸਨਮਾਨਾਂ ਨਾਲ ਮ੍ਰਿਤਕ ਕਾਂਸਟੇਬਲ ਅਮਰਪ੍ਰੀਤ ਕੌਰ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਹੈ।
ਕਾਂਸਟੇਬਲ ਅਮਰਪ੍ਰੀਤ ਕੌਰ ਦੀ ਸ਼ੁੱਕਰਵਾਰ ਦੀ ਰਾਤ ਥਾਣਾ ਜੋਧਾਂ ਅੰਦਰ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ ਹੋਈ ਸੀ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ 10 ਵਜੇ ਜਦ ਮ੍ਰਿਤਕ ਅਮਨਪ੍ਰੀਤ ਕੌਰ ਦੇ ਪਰਵਾਰਕ ਮੈਂਬਰ ਪਿੰਡ ਜੋਧਾਂ ਦੇ ਮੇਨ ਚੌਂਕ 'ਚੋਂ ਹੁੰਦੇ ਹੋਏ ਥਾਣਾ ਜੋਧਾਂ ਵਲ ਨੂੰ ਵੱਧਣ ਲੱਗੇ ਤਾਂ ਸੈਕੜਿਆਂ ਦੀ ਤਦਾਦ ਵਿਚ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਰੋਕ ਲਿਆ। ਸਿੱਟੇ ਵਜੋਂ ਰੋਸ ਵਿਚ ਆਏ ਲੋਕਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿਰੁਧ ਨਾਹਰੇਬਾਜ਼ੀ ਕੀਤੀ। ਇਸ ਸਮੇਂ ਉਥੇ ਐਸ.ਡੀ.ਐਮ (ਪਛਮੀ) ਦਮਨਜੀਤ ਸਿੰਘ ਮਾਨ, ਨਾਇਬ ਤਹਿਸੀਲਦਾਰ ਮੁੱਲਾਂਪੁਰ ਹਰਮਿੰਦਰ ਸਿੰਘ ਸਿੱਧੂ, ਡੀ.ਆਈ.ਜੀ. (ਰੇਂਜ) ਲੁਧਿਆਣਾ ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ. ਸੁਰਜੀਤ ਸਿੰਘ ਸਮੇਤ ਹੋਰ ਕਈ ਵੱਡੇ ਅਫ਼ਸਰ ਹਾਜਰ ਸਨ, ਪਰੰਤੂ ਇਸ ਬਾਰੇ ਜਦ ਵਿਧਾਇਕ ਰਾਏਕੋਟ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੁਲਿਸ ਨੇ      (ਬਾਕੀ ਸਫ਼ਾ 10 'ਤੇ)
ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿੱਟੇ ਵਜੋਂ ਲੋਕ ਸ਼ਾਤ ਹੋਏ ਅਤੇ ਉਹ ਇਕ-ਦੂਜੇ ਨਾਲ ਪਿੰਡ ਖੰਡੂਰ ਦੇ ਸ਼ਮਸ਼ਾਨਘਾਟ ਵਲ ਨੂੰ ਹੋ ਤੁਰੇ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਥਾਣਾ ਜੋਧਾਂ ਦੇ ਜਿਸ ਲੇਡੀਜ਼ ਬੈਰਕ ਵਿਚ ਕਾਂਸਟੇਬਲ ਅਮਨਪ੍ਰੀਤ ਕੌਰ ਦੀ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ ਹੋਈ ਸੀ। ਉਸ ਕਮਰੇ 'ਚੋਂ ਪੁਲਿਸ ਨੂੰ ਮ੍ਰਿਤਕਾ ਦੇ ਦੋ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਜਿਸ ਵਿਚ ਇਕ ਮੋਬਾਈਲ ਫ਼ੋਨ 'ਚ ਮ੍ਰਿਤਕ ਕਾਂਸਟੇਬਲ ਵਲੋਂ ਕੀਤੀ ਮੈਸਜ ਅਤੇ ਕਾਲ ਡਿਟੇਲ ਪੁਲਿਸ ਨੇ ਅਪਣੇ ਕਬਜੇ ਵਿਚ ਲੈ ਲਈਆਂ ਹਨ। ਜਿਸ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਦੌਰਾਨ ਪੁਲਿਸ ਨੂੰ ਅਹਿਮ ਸੁਰਾਗ ਮਿਲਣ ਦੀਆਂ ਸੰਭਾਵਨਾਵਾਂ ਹਨ।
ਜਦ ਉਕਤ ਮਾਮਲੇ ਬਾਰੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਉਕਤ ਮਾਮਲੇ 'ਚ ਨਾਮਜ਼ਦ ਕਥਿਤ ਆਰੋਪੀ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਕੇਸ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।