ਮੋਹਾਲੀ 'ਚ ਬੀਬੀਏ ਦੀ ਪੜ੍ਹਾਈ ਕਰ ਰਿਹਾ ਨਾਈਜੀਰੀਅਨ 110 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ 9 ਅਪ੍ਰੈਲ ਤਕ ਰੀਮਾਂਡ 'ਤੇ ਭੇਜਿਆ

Heroin

ਐਸ.ਟੀ.ਐਫ਼. ਨੇ ਲਾਏ ਨਾਕੇ ਦੌਰਾਨ 110 ਗ੍ਰਾਮ ਹੈਰੋਇਨ ਅਤੇ ਤਿੰਨ ਲੱਖ 95 ਹਜ਼ਾਰ ਦੀ ਡਰੱਗ ਮਨੀ ਸਮੇਤ ਇਕ ਨਾਈਜ਼ਰੀਅਨ ਨੌਜਵਾਨ ਨੂੰ ਕਾਬੂ ਕੀਤਾ ਹੈ, ਜੋ ਕਿ ਮੋਹਾਲੀ ਵਿਖੇ ਬੀਬੀਏ ਤੀਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਮੁਲਜ਼ਮ ਦਾ ਪਿਤਾ ਨਾਇਜ਼ੀਰੀਆ ਵਿਖੇ ਇਕ ਸਰਕਾਰੀ ਵਿਭਾਗ ਵਿਚ ਅਧਿਕਾਰੀ ਹੈ। ਇਹ ਗੱਲ ਮੁਲਜ਼ਮ ਨੇ ਐਸ.ਟੀ.ਐਫ. ਨੂੰ ਪੁੱਛਗਿਛ ਵਿਚ ਦੱਸੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੇ ਇੱਥੇ ਖ਼ਰਚ ਪੂਰੇ ਨਹੀਂ ਹੋ ਰਹੇ ਸਨ, ਜਿਸ ਕਾਰਨ ਉਹ ਗ਼ਲਤ ਰਸਤੇ ਉਪਰ ਨਿਕਲ ਪਿਆ ਸੀ। ਉਥੇ ਹੀ, ਮੁਲਜ਼ਮ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦਾ ਹੈ ਕਿ ਉਸ ਦੇ ਘਰਵਾਲਿਆਂ ਦਾ ਪਤਾ ਚੱਲੇ ਕਿ ਉਸ ਨੂੰ ਹੈਰੋਇਨ ਸਮੇਤ ਫੜਿਆ ਗਿਆ ਹੈ, ਕਿਉਂਕਿ ਉਸਦੇ ਮਾਤਾ-ਪਿਤਾ ਦੇ ਸਪਨੇ ਟੁੱਟ ਜਾਣਗੇ।

ਉਸਨੇ ਐਸ.ਟੀ.ਐਫ. ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਨਾਈਜ਼ੀਰੀਆ ਦੀ ਸਰਕਾਰ ਨੂੰ ਇਸ ਸਬੰਧੀ ਸੂਚਿਤ ਨਾ ਕੀਤਾ ਜਾਵੇ।ਉਧਰ, ਮੁਲਜ਼ਮ ਨੂੰ ਸਨਿਚਰਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਮੁਲਜ਼ਮ ਦਾ ਨੈੱਟਵਰਕ ਤਲਾਸ਼ਣ ਲਈ ਉਨ੍ਹਾਂ ਨੇ ਦਿੱਲੀ ਜਾਣਾ ਹੈ, ਜਿਸ ਲਈ ਪੰਜ ਦਿਨ ਦਾ ਰਿਮਾਂਡ ਦਿਤਾ ਜਾਵੇ। ਅਦਾਲਤ ਨੇ ਐਸ.ਟੀ.ਐਫ. ਦੀ ਦਲੀਲ ਸੁਣਨ ਤੋਂ ਬਾਅਦ ਮੁਲਜ਼ਮ ਨੂੰ 9 ਅਪ੍ਰੈਲ ਤਕ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਹੈ। ਐਸ.ਟੀ.ਐਫ. ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।