ਮੇਰੇ ਵਿਰੁਧ ਜਾਂਚ ਵਿਚੋਂ ਕੁੱਝ ਨਹੀਂ ਨਿਕਲਣਾ : ਰਾਣਾ ਗੁਰਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੇਤ ਦੀਆਂ ਖੱਡਾਂ ਦਾ ਠੇਕਾ ਲੈਣ ਦੇ ਮਾਮਲੇ 'ਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਗ਼ਜ਼ੀ ਸ਼ੇਰ ਕਰਾਰ..

Rana Gurjit Singh

ਚੰਡੀਗੜ੍ਹ, 8 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਰੇਤ ਦੀਆਂ ਖੱਡਾਂ ਦਾ ਠੇਕਾ ਲੈਣ ਦੇ ਮਾਮਲੇ 'ਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਗ਼ਜ਼ੀ ਸ਼ੇਰ ਕਰਾਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਖਹਿਰੇ ਵਰਗੇ ਕਾਗ਼ਜ਼ੀ ਸ਼ੇਰ ਸਿਰਫ਼ ਇਸ ਲਈ ਲੋਕਪਾਲ, ਈਡੀ (ਡਾਇਰੈਕਟੋਰੇਟ ਆਫ  ਇਨਫ਼ੋਰਸਮੈਂਟ) ਅਤੇ ਆਮਦਨ ਕਰ ਦੇ ਦਫ਼ਤਰਾਂ ਵਿਚ ਚੱਕਰ ਮਾਰ ਰਹੇ ਹਨ ਤਾਕਿ ਉਹ ਖ਼ਬਰਾਂ ਵਿਚ ਰਹਿ ਸਕਣ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਖਹਿਰੇ ਵਰਗੇ ਬੰਦੇ ਉਨ੍ਹਾਂ ਦੀ ਸ਼ਖ਼ਸੀਅਤ ਤਾਰੋਪੀਡੋ ਕਰਨ ਦੇ ਚੱਕਰ ਵਿਚ ਹਨ ਪਰ ਉਸ ਵਲੋਂ ਕੀਤੀ ਗਈ ਕਿਸੇ ਵੀ ਜਾਂਚ ਦੀ ਮੰਗ ਮੇਰੀ ਬੇਗੁਨਾਹੀ ਸਾਬਤ ਕਰੇਗੀ।
ਰਾਣਾ ਨੇ ਕਿਹਾ ਕਿ ਖਹਿਰਾ ਦੀ ਨਿਰਾਸ਼ਾ ਇਸ ਗੱਲੋਂ ਸਮਝੀ ਜਾ ਸਕਦੀ ਹੈ ਕਿ ਸੱਭ ਤੋਂ ਪਹਿਲਾਂ ਤਾਂ ਉਹ ਵਿਚਾਰਾ ਵਿਰੋਧੀ ਧਿਰ ਦਾ ਆਗੂ ਨਹੀਂ ਬਣ ਸਕਿਆ ਅਤੇ ਫਿਰ ਭਗਵੰਤ ਮਾਨ ਨੂੰ ਸ਼ਰਾਬੀ ਕਹਿਣ ਦੇ ਬਾਵਜੂਦ ਉਸ ਦੇ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਹੱਥ ਨਹੀਂ ਲੱਗੀ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ 'ਚੋਂ ਪਾਕ-ਸਾਫ਼ ਨਿਕਲ ਕੇ ਬਾਹਰ ਆਉਣਗੇ। ਇਥੇ ਸਿੰਜਾਈ ਭਵਨ ਵਿਖੇ ਇਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰੇਤ ਬੋਲੀ ਮਾਮਲੇ ਦੀ ਜਾਂਚ ਦੀ ਮੰਗ ਦਾ ਉਹ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਵਿਰੁਧ ਅਜਿਹੀ ਕਿਸੇ ਵੀ ਜਾਂਚ ਵਿਚੋਂ ਕੁੱਝ ਵੀ ਬਾਹਰ ਨਿਕਲ ਕੇ ਨਹੀਂ ਆਵੇਗਾ।
ਉਨ੍ਹਾਂ ਕਿਹਾ ਕਿ ਰੇਤ ਖੱਡਾਂ ਦੀ ਨੀਲਾਮੀ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਦੇ ਗਠਨ ਦਾ ਉਨ੍ਹਾਂ ਨੇ ਹੀ ਸੱਭ ਤੋਂ ਪਹਿਲਾਂ ਸਵਾਗਤ ਕੀਤਾ ਸੀ।ਉਨ੍ਹਾਂ ਕਿਹਾ ਕਿ ਕਿਸੇ 'ਤੇ ਦੋਸ਼ ਤਾਂ ਲਾਏ ਜਾ ਸਕਦੇ ਹਨ ਪਰ ਕਿਸੇ ਬੇਕਸੂਰ ਨੂੰ ਦੋਸ਼ੀ ਸਿੱਧ ਨਹੀਂ ਕੀਤਾ ਜਾ ਸਕਦਾ। -