ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕੋਵਿੰਦ ਨੇ ਕੀਤੀ ਬਾਦਲ ਤੇ ਖੱਟੜ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ਟਰਪਤੀ ਅਹੁਦੇ ਲਈ ਐਨਡੀਏ ਵਲੋਂ ਐਲਾਨੇ ਗਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਅੱਜ ਇਥੇ ਯੂਟੀ ਗੈਸਟ ਹਾਊਸ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ

Ram Nath Kovind

ਚੰਡੀਗੜ੍ਹ, 29 ਜੂਨ (ਜੀ.ਸੀ. ਭਾਰਦਵਾਜ): ਰਾਸ਼ਟਰਪਤੀ ਅਹੁਦੇ ਲਈ ਐਨਡੀਏ ਵਲੋਂ ਐਲਾਨੇ ਗਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਅੱਜ ਇਥੇ ਯੂਟੀ ਗੈਸਟ ਹਾਊਸ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ 17 ਜੁਲਾਈ ਨੂੰ ਹੋਣ ਵਾਲੀ ਚੋਣ ਬਾਰੇ ਮੁਲਾਕਾਤ ਕੀਤੀ ਅਤੇ ਰਸਮੀ ਤੌਰ 'ਤੇ ਵੋਟਾਂ ਲਈ ਹੱਥ ਜੋੜੇ।
ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਸੁਖਬੀਰ ਬਾਦਲ ਸਮੇਤ ਹੋਰ ਨੇਤਾਵਾਂ ਨੇ ਪਹਿਲਾਂ ਰਾਮਨਾਥ ਕੋਵਿੰਦ ਤੇ ਦਿੱਲੀ ਤੋਂ ਨਾਲ ਆਈ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਸਨਮਾਨਤ ਕੀਤਾ। ਜ਼ਿਕਰਯੋਗ ਹੈ ਕਿ 17 ਜੁਲਾਈ ਰਾਸ਼ਟਰਪਤੀ ਅਹੁਦੇ ਲਈ ਪੈਣ ਵਾਲੀਆਂ ਵੋਟਾਂ ਵਿਚ ਸਿਰਫ਼ ਰਾਜ ਸਭਾ, ਲੋਕ ਸਭਾ ਅਤੇ ਵਿਧਾਨ ਸਭਾਵਾਂ ਦੇ ਮੈਂਬਰ ਹੀ ਹਿੱਸਾ ਲੈ ਸਕਣਗੇ। ਯੂਟੀ ਗੈਸਟ ਹਾਊਸ ਵਿਚ ਪਹਿਲਾਂ ਦੁਪਹਿਰ ਵੇਲੇ ਪੰਜਾਬ ਦੇ ਅਕਾਲੀ ਤੇ ਭਾਜਪਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਰਸਮੀ ਮੁਲਾਕਾਤ ਹੋਈ, ਮਗਰੋਂ ਪੰਚਕੂਲਾ ਵਿਚ ਹੈੱਡ ਬਿਸ਼ਪ ਟੂਰਿਸਟ ਹੋਟਲ ਵਿਚ ਸਾਂਝੇ ਇਕੱਠ ਨੂੰ ਰਾਮਨਾਥ ਕੋਵਿੰਦ ਤੇ ਸੁਸ਼ਮਾ ਸਵਰਾਜ ਨੇ ਸੰਬੋਧਨ ਕੀਤਾ। ਪੰਜਾਬ ਦੇ ਅਕਾਲੀ ਸੰਸਦ ਮੈਂਬਰਾਂ ਵਿਚ ਅੱਜ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਭਾਜਪਾ ਐਮਪੀ ਸ਼ਵੇਤ ਮਲਿਕ ਤੇ ਵਿਜੈ ਸਾਂਪਲਾ (ਕੇਂਦਰੀ ਮੰਤਰੀ) ਹਾਜ਼ਰ ਹੋਏ। ਬਾਕੀ ਅਕਾਲੀ ਤੇ ਭਾਜਪਾ ਵਿਧਾਇਕ ਤੇ ਸੰਸਦ ਮੈਂਬਰ ਪੰਚਕੂਲਾ ਪੁੱਜੇ। ਪੰਚਕੂਲਾ ਵਿਚ ਹਰਿਆਣਾ ਦੇ ਭਾਜਪਾ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਨੇਤਾਵਾਂ ਨੇ ਸਾਂਝੀ ਬੈਠਕ ਵਿਚ ਹਿੱਸਾ ਲਿਆ।