ਸ਼ਹੀਦ ਸਿੱਖ ਧਰਮੀ ਫ਼ੌਜੀਆਂ ਦੀ ਯਾਦ ਵਿਚ ਯਾਦਗਾਰ ਬਣਾਉਣ ਦਾ ਫ਼ੈਸਲਾ
ਭਾਰਤ ਸਰਕਾਰ ਵਲੋਂ ਸਾਕਾ ਨੀਲਾ ਤਾਰਾ ਤਹਿਤ ਸਿੱਖਾਂ ਦੇ ਸਰਬੋਤਮ ਧਾਰਮਕ ਕੇਂਦਰ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਸਣੇ ਹੋਰ ਗੁਰੂਧਾਮਾਂ ਵਿਖੇ ਭਾਰਤੀ ਫ਼ੌਜ ਵਲੋਂ ਹਮਲਾ ਕਰਨ..
ਅਬੋਹਰ, 9 ਜੂਨ (ਤੇਜਿੰਦਰ ਸਿੰਘ ਖ਼ਾਲਸਾ): ਭਾਰਤ ਸਰਕਾਰ ਵਲੋਂ ਸਾਕਾ ਨੀਲਾ ਤਾਰਾ ਤਹਿਤ ਸਿੱਖਾਂ ਦੇ ਸਰਬੋਤਮ ਧਾਰਮਕ ਕੇਂਦਰ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਸਣੇ ਹੋਰ ਗੁਰੂਧਾਮਾਂ ਵਿਖੇ ਭਾਰਤੀ ਫ਼ੌਜ ਵਲੋਂ ਹਮਲਾ ਕਰਨ ਦੇ ਰੋਸ ਵਿਚ ਬੈਰਕਾਂ ਛੱਡ ਕੇ ਬਾਗੀ ਹੋਏ ਸਿੱਖ ਧਰਮੀ ਫ਼ੌਜੀਆਂ ਦੀ ਯਾਦ ਵਿਚ ਸਥਾਨਕ ਅਬੋਹਰ ਮਲੋਟ ਬਾਈਪਾਸ ਵਿਖੇ ਇਕ ਸਮਾਗਮ ਕਰਵਾਇਆ ਗਿਆ।
ਇਸ ਦੌਰਾਨ ਹਾਜ਼ਰ ਸੰਗਤ ਨੇ ਉਕਤ ਸਥਾਨ 'ਤੇ 1984 ਚ ਸ਼ਹੀਦ ਹੋਏ ਧਰਮੀ ਸਿੱਖ ਫ਼ੌਜੀਆਂ ਦੀ ਯਾਦ ਵਿਚ ਸਮਾਰਕ ਬਣਾਉਣ ਦਾ ਮਤਾ ਪਾਸ ਕੀਤਾ ਜਿਸ ਲਈ ਬਖ਼ਸ਼ੀਸ਼ ਸਿੰਘ ਜਾਮਨੀਆਂ ਨੇ ਦੋ ਕਨਾਲ ਜ਼ਮੀਨ ਦੇਣ ਦਾ ਐਲਾਨ ਕੀਤਾ ਅਤੇ ਹਾਜ਼ਰ ਸੰਗਤ ਨੇ ਮਾਲੀ ਤੌਰ 'ਤੇ ਪ੍ਰਬੰਧਕਾ ਨੂੰ ਸਾਥ ਦੇਣ ਦਾ ਭਰੋਸਾ ਦਿਤਾ। ਧਰਮੀ ਫ਼ੌਜੀ ਸੰਸਥਾ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ਯਮੁਨਾਨਗਰ ਅਤੇ ਮੁੱਖ ਬੁਲਾਰੇ ਬਲਕਾਰ ਸਿੰਘ ਫ਼ੌਜੀ ਗੁਰਦਾਸਪੁਰ ਨੇ ਦਸਿਆ ਕਿ ਸਾਕਾ ਨੀਲਾ ਤਾਰਾ ਦੇ ਰੋਸ ਵਿਚ ਬਾਗੀ ਹੋਏ ਸਿੱਖ ਧਰਮੀ ਫ਼ੌਜੀਆਂ ਨਾਲ ਭਾਰਤੀ ਫ਼ੌਜ ਦੀ ਗੋਬਿੰਦਗੜ੍ਹ ਰੈਜੀਮੈਂਟ ਦਾ ਟਾਕਰਾ ਸਥਾਨਕ ਮਲੋਟ ਅਬੋਹਰ ਬਾਈਪਾਸ 'ਤੇ ਹੋਇਆ ਸੀ ਜਿਸ ਵਿਚ 13 ਧਰਮੀ ਫ਼ੌਜੀ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੀ ਯਾਦ ਵਿਚ ਪਹਿਲੀ ਵਾਰ ਉਕਤ ਸਥਾਨ 'ਤੇ ਸਮਾਗਮ ਉਲੀਕਿਆ ਗਿਆ ਹੈ। ਇਸ ਮੌਕੇ ਸ਼ਹੀਦ ਹੋਏ ਸਿੱਖ ਧਰਮੀ ਫ਼ੌਜੀਆਂ ਦੇ ਪਰਵਾਰਾਂ ਨੂੰ ਅਤੇ ਜ਼ਖ਼ਮੀ ਫ਼ੌਜੀਆਂ ਅਜੀਤ ਸਿੰਘ, ਬਲਤੇਜ ਸਿੰਘ, ਸੁਰਿੰਦਰ ਸਿੰਘ, ਬੂਟਾ ਸਿੰਘ ਆਦਿ ਨੂੰ ਪ੍ਰਬੰਧਕਾਂ ਵਲੋਂ ਸਿਰਪਾਉ ਦੇ ਕੇ ਸਨਮਾਨਤ ਕੀਤਾ ਗਿਆ।