ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦਿਤੀ ਜਾਏ ਕਿ ਨਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 13 ਜੂਨ (ਜੀ.ਸੀ. ਭਾਰਦਵਾਜ): ਪੰਜਾਬ ਦੀ 15ਵੀਂ ਵਿਧਾਨ ਸਭਾ ਦਾ ਬਜਟ ਸੈਸ਼ਨ ਭਲਕੇ ਬਾਅਦ ਦੁਪਹਿਰ ਦੋ ਵਜੇ ਤੋਂ ਸ਼ੁਰੂ ਹੋਵੇਗਾ। ਆਰਜ਼ੀ ਪ੍ਰੋਗਰਾਮ ਅਨੁਸਾਰ 9 ਬੈਠਕਾਂ

Meeting

ਚੰਡੀਗੜ੍ਹ, 13 ਜੂਨ (ਜੀ.ਸੀ. ਭਾਰਦਵਾਜ): ਪੰਜਾਬ ਦੀ 15ਵੀਂ ਵਿਧਾਨ ਸਭਾ ਦਾ ਬਜਟ ਸੈਸ਼ਨ ਭਲਕੇ ਬਾਅਦ ਦੁਪਹਿਰ ਦੋ ਵਜੇ ਤੋਂ ਸ਼ੁਰੂ ਹੋਵੇਗਾ। ਆਰਜ਼ੀ ਪ੍ਰੋਗਰਾਮ ਅਨੁਸਾਰ 9 ਬੈਠਕਾਂ ਵਾਲਾ ਇਜਲਾਸ ਪਹਿਲੇ ਦਿਨ ਤੋਂ ਹੀ ਵਿਵਾਦ ਵਿਚ ਫਸਣ ਦਾ ਸ਼ੰਕਾ ਹੈ ਕਿਉਂਕਿ ਸਰਕਾਰ ਤੋਂ ਆਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਵਾਲੀ ਸੂਚੀ ਵਿਚ ਸਾਬਕਾ ਡੀਜੀਪੀ ਕੇਪੀਐਸ ਗਿੱਲ ਦਾ ਨਾਮ ਹੋਣ ਕਰ ਕੇ ਅਕਾਲੀ ਦਲ ਨੇ ਰੋਸ ਪ੍ਰਗਟਾਇਆ ਹੈ।
ਇਹ ਵੀ ਡਰ ਹੈ ਕਿ ਸ਼ਰਧਾਂਜਲੀਆਂ ਵੇਲੇ ਅਕਾਲੀ ਦਲ ਦੇ ਵਿਧਾਇਕ, ਬਾਈਕਾਟ ਕਰ ਜਾਣ ਜਾਂ ਹਾਊਸ ਤੋਂ ਬਾਹਰ ਚਲੇ ਜਾਣ। ਇਹ ਵੀ ਚਰਚਾ ਹੈ ਕਿ ਆਰਜ਼ੀ ਸੂਚੀ ਵਿਚੋਂ ਕੇਪੀਐਸ ਗਿੱਲ ਦਾ ਨਾਮ ਹੀ ਰਾਤ ਨੂੰ ਕੱਟ ਦਿਤਾ ਜਾਵੇ। ਰਵਾਇਤ ਅਨੁਸਾਰ ਸਿਰਫ਼ ਸਪੀਕਰ ਹੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ਅਪਣੀ ਕੁਰਸੀ ਤੋਂ ਹੀ ਸ਼ਖ਼ਸੀਅਤਾਂ ਬਾਰੇ ਯੋਗਦਾਨ ਦਾ ਵੇਰਵਾ ਦਿੰਦਾ ਹੈ। ਕਿਸੇ ਵੀ ਪਾਰਟੀ ਦੇ ਨੇਤਾ ਨੂੰ ਬੋਲ ਕੇ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਨਹੀਂ ਹੈ। ਪਤਾ ਲੱਗਾ ਹੈ ਕਿ ਅਕਾਲੀ ਵਿਧਾਇਕ, ਕੇਪੀਐਸ ਗਿੱਲ ਦਾ ਨਾਮ ਅਤੇ ਯੋਗਦਾਨ ਬਾਰੇ ਪੜ੍ਹੇ ਜਾਣ 'ਤੇ ਸਦਨ 'ਚੋਂ ਉਠ ਕੇ ਚਲੇ ਜਾਣਗੇ। ਸੂਚੀ ਵਿਚ ਪਹਿਲਾ ਨਾਮ ਗੁਰਦਾਸਪੁਰ ਦੇ ਐਮਪੀ ਮਰਹੂਮ ਵਿਨੋਦ ਖੰਨਾ ਦਾ ਹੈ। ਜਾਰੀ ਪ੍ਰੋਗਰਾਮ ਅਨੁਸਾਰ ਰਾਜਪਾਲ ਦੇ ਭਾਸ਼ਨ 'ਤੇ ਬਹਿਸ ਅਤੇ 20 ਜੂਨ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਪ੍ਰਸਤਾਵਾਂ 'ਤੇ ਚਰਚਾ ਲਈ ਦੋ-ਦੋ ਦਿਨ ਰੱਖੇ ਗਏ ਹਨ।
ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੂਜੇ ਦਿਨ ਕੰਮ ਰੋਕੂ ਪ੍ਰਸਤਾਵ ਲਿਆਏਗੀ। ਉਨ੍ਹਾਂ ਕਿਹਾ ਕਿ ਕੁਲ 20 ਵਿਧਾਇਕਾਂ ਵਿਚੋਂ ਉਨ੍ਹਾਂ ਸਮੇਤ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ 12 ਵਿਧਾਇਕ ਹੋਰ ਰਾਜਪਾਲ ਦੇ ਭਾਸ਼ਨ 'ਤੇ ਚਰਚਾ ਵਿਚ ਹਿੱਸਾ ਲੈਣਗੇ ਜਦਕਿ ਬਾਕੀ ਵਿਧਾਇਕ ਬਜਟ ਪ੍ਰਸਤਾਵਾਂ 'ਤੇ ਬੋਲਣਗੇ। ਉਨ੍ਹਾਂ ਕਿਹਾ ਕਿ ਵਿਸ਼ੇ ਤੇ ਮੁੱਦਿਆਂ ਬਾਰੇ ਹੀ ਬੋਲਣ ਦੀ ਤਿਆਰੀ ਨਵੇਂ ਵਿਧਾਇਕਾਂ ਨੂੰ ਕਰਵਾਈ ਜਾ ਰਹੀ ਹੈ ਅਤੇ ਸਾਰੇ ਮੈਂਬਰਾਂ ਨੂੰ ਵਿਸ਼ੇ ਵੰਡ ਦਿਤੇ ਗਏ ਹਨ। ਸ. ਫੂਲਕਾ ਨੇ ਕਿਹਾ ਕਿ ਸਦਨ ਦੇ ਕੀਮਤ ਸਮੇਂ ਨੂੰ ਚਰਚਾ, ਬਹਿਸ ਤੇ ਸਵਾਲਾਂ ਦਾ ਜਵਾਬ ਲੈਣ ਲਈ ਵਰਤੋਂ ਕੀਤੀ ਜਾਵੇਗੀ ਅਤੇ ਵਾਕ-ਆਊਟ, ਧਰਨੇ ਤੇ ਰੌਲੇ-ਰੱਪੇ ਵਿਚ ਸਮਾਂ ਬਰਬਾਦ ਨਹੀਂ ਕੀਤਾ ਜਾਵੇਗਾ।