ਅਮਰੀਕਾ 'ਚ ਸਿੱਖ ਸੁਰੱਖਿਅਤ ਨਹੀਂ, ਮੋਦੀ ਸਰਕਾਰ ਮਾਮਲਾ ਚੁੱਕੇ : ਕੈਪਟਨ
ਅਮਰੀਕਾ ਵਿਚ ਇਕ ਹੋਰ ਸਿੱਖ ਨਾਲ ਹੋਏ ਨਸਲੀ ਵਿਤਕਰੇ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤ ਸਰਕਾਰ ਨੂੰ ਅਮਰੀਕਾ..
ਚੰਡੀਗੜ੍ਹ, 11 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਅਮਰੀਕਾ ਵਿਚ ਇਕ ਹੋਰ ਸਿੱਖ ਨਾਲ ਹੋਏ ਨਸਲੀ ਵਿਤਕਰੇ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤ ਸਰਕਾਰ ਨੂੰ ਅਮਰੀਕਾ ਵਿਚ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਪਹਿਲ ਦੇ ਆਧਾਰ 'ਤੇ ਟਰੰਪ ਪ੍ਰਸ਼ਾਸਨ ਕੋਲ ਉਠਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਵਾਈਟ ਹਾਊਸ ਨੂੰ ਆਖਿਆ ਕਿ ਜਮਹੂਰੀਅਤ ਵਿਚ ਅਜਿਹੀ ਅਸਹਿਣਸ਼ੀਲਤਾ ਲਈ ਕੋਈ ਥਾਂ ਨਹੀਂ ਹੈ ਅਤੇ ਟਰੰਪ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਚੁਕਣੇ ਚਾਹੀਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਟਵੀਟ ਕਰਕੇ ਅਪੀਲ ਕੀਤੀ, ''ਅਮਰੀਕਾ ਵਿਚ ਇਕ ਹੋਰ ਸਿੱਖ ਨਾਲ ਹੋਏ ਨਸਲੀ ਵਿਤਕਰੇ ਨਾਲ ਮੈਨੂੰ ਧੱਕਾ ਲੱਗਾ ਹੈ, ਜਮਹੂਰੀਅਤ ਵਿਚ ਅਜਿਹੀ ਅਸਹਿਣਸ਼ੀਲਤਾ ਲਈ ਕੋਈ ਥਾਂ ਨਹੀਂ ਹੈ।''
ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ,'' ਅਮਰੀਕਾ ਵਿਚ ਭਾਰਤੀ ਤੇ ਸਿੱਖ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਕ੍ਰਿਪਾ ਕਰਕੇ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੀ ਹਿਫ਼ਾਜ਼ਤ ਕੀਤੀ ਜਾਵੇ।'' ਮੁੱਖ ਮੰਤਰੀ ਨੇ ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਸਾਂਝੇ ਕੀਤੇ ਹਨ।