ਸਮਾਰਟ ਸਕੂਲਾਂ ਵਿੱਚ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਮਾਰਟ ਹੋਣਾ ਜਰੂਰੀ : ਸਿੱਖਿਆ ਸਕੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਵਿਭਾਗ ਦੇ ਸਮਾਰਟ ਸਕੂਲਾਂ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ

Meeting organized by education department

ਐਸ.ਏ.ਐਸ. ਨਗਰ : ਸਮਾਰਟ ਸਕੂਲਾਂ ਵਿੱਚ ਸਮਾਰਟ ਵਿਦਿਆਰਥੀ ਤਾਂ ਹੀ ਬਣਨਗੇ ਜੇ ਸਕੂਲ ਮੁਖੀਆਂ ਦੀ ਸੋਚ ਸਮਾਰਟ ਹੋਵੇਗੀ ਅਤੇ ਅਧਿਆਪਕ ਸਮਾਰਟ ਸਿੱਖਣ ਸਿਖਾਉਣ ਵਿਧੀਆਂ ਦਾ ਪ੍ਰਯੋਗ ਕਰਨਗੇ। ਇਹ ਵਿਚਾਰ ਚਰਚਾ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰਅਮ ਵਿਖੇ 261 ਸਮਾਰਟ ਸਕੂਲਾਂ ਦੇ ਨਾਲ-ਨਾਲ ਮੁੱਖ ਮਾਰਗਾਂ ਤੇ ਬਣੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀ ਮੀਟਿੰਗ 'ਚ ਕੀਤੀ ਗਈ। ਇਸ ਮੀਟਿੰਗ 'ਚ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ ਵੀ ਮੌਜੂਦ ਸਨ।

ਮੀਟਿੰਗ 'ਚ ਸਕੱਤਰ ਸਕੂਲ ਸਿੱਖਿਆ ਨੇ ਸਮਾਰਟ ਸਕੂਲਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਕੂਲਾਂ ਦੀ ਦਿੱਖ ਸਬੰਧੀ ਮਲਟੀਮੀਡੀਆ ਪੇਸ਼ਕਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ 'ਚ ਚੱਲ ਰਹੀ 'ਈਚ ਵਨ ਬਰਿੰਗ ਵਨ' ਦਾਖ਼ਲਾ ਮੁਹਿੰਮ ਸਬੰਧੀ ਸਕੂਲ ਮੁਖੀਆਂ ਨੂੰ ਤਾਜ਼ਾ ਸਥਿਤੀ ਅਨੁਸਾਰ ਰਿਵਿਊ ਕਰਨ ਲਈ ਕਿਹਾ। ਉਨ੍ਹਾਂ ਸ਼ਹਿਰ ਦੇ ਸਕੂਲਾਂ ਨੂੰ ਵੱਧ ਤੋਂ ਵੱਧ ਦਾਖ਼ਲੇ ਵਧਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਮੁੱਖ ਮਾਰਗਾਂ 'ਤੇ ਬਣੇ ਸਰਕਾਰੀ ਸਕੂਲਾਂ ਦੀ ਕਾਇਆਕਲਪ ਕਰਨ ਲਈ ਜ਼ਿਲ੍ਹਾ ਸਮਾਰਟ ਸਕੂਲ ਮੈਂਟਰਾਂ, ਸਹਾਇਕ ਕੋਆਰਡੀਨੇਟਰਾਂ ਤੇ ਸਕੂਲਾਂ ਦੇ ਮੁਖੀਆਂ ਨੂੰ ਵਿਸ਼ੇਸ਼ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ 2524 ਸੈਲਫ਼ ਸਮਾਰਟ ਸਕੂਲ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਲਗਨ ਤੇ ਮਿਨਹਤ ਦਾ ਨਤੀਜਾ ਹਨ ਅਤੇ ਮੁੱਖ ਮਾਰਗਾਂ ਤੇ ਬਣਨ ਵਾਲੇ ਸਮਾਰਟ ਸਕੂਲ ਪੰਜਾਬ ਦੀ ਵਧੀਆ ਦਿੱਖ ਪੇਸ਼ ਕਰ ਸਕਣਗੇ|