ਗੁਰਦੁਆਰਾ ਮਜਨੂੰ ਕਾ ਟਿੱਲਾ ਵਿਰੁਧ ਐਫ਼.ਆਈ.ਆਰ. ਤੁਰਤ ਵਾਪਸ ਲਉ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਸਿੱਖਾਂ ਕੋਲ ਹਰ ਔਕੜ ਵੇਲੇ ਸ਼ਰਨ ਲੈਣ ਲਈ ਗੁਰਦਵਾਰੇ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ, ਇਹ ਸਾਡਾ ਇਤਿਹਾਸ ਤੇ ਸਾਡੀ ਰਵਾਇਤ ਹੈ : ਕੈਪਟਨ ਅਮਰਿੰਦਰ ਸਿੰਘ

File Photo

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਸਪੋਕਸਮੈਨ ਟੀ.ਵੀ. 'ਤੇ ਬੀਬੀ ਨਿਮਰਤ ਕੌਰ ਨਾਲ 25 ਮਿੰਟ ਲੰਮੀ ਵਾਰਤਾਲਾਪ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਕਿ ਦਿੱਲੀ ਵਿਚ ਪੰਜਾਬ ਦੇ ਨਿਆਸਰੇ ਸਿੱਖਾਂ ਨੂੰ ਆਸਰਾ ਦੇਣ ਬਦਲੇ ਦਿੱਲੀ ਸਰਕਾਰ ਜੇ ਗੁਰਦਵਾਰਾ ਪ੍ਰਬੰਧਕਾਂ ਵਿਰੁਧ ਐਫ਼.ਆਈ.ਆਰ. ਦਰਜ ਕਰ ਦਿਤੀ ਹੈ।

ਉਨ੍ਹਾਂ ਕਿਹਾ ਕਿ ਹਰ ਔਖੀ ਘੜੀ ਵਿਚ ਸਿੱਖਾਂ ਕੋਲ ਗੁਰਦਵਾਰੇ ਦੀ ਸ਼ਰਨ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਰਹਿ ਜਾਂਦਾ। ਹੋਰ ਕਿਥੇ ਜਾਣ ਉਹ? ਇਹ ਸਾਡਾ ਇਤਿਹਾਸ ਹੈ ਤੇ ਸਾਡੀ ਰਵਾਇਤ ਹੈ। ਕੈਪਟਨ ਸਾਹਿਬ ਨੂੰ ਪੁਛਿਆ ਗਿਆ ਸੀ ਕਿ ਗੁਰਦਵਾਰਾ ਮਜਨੂੰ ਕਾ ਟਿੱਲਾ ਵਿਚ ਪੰਜਾਬ ਦੇ ਪ੍ਰਵਾਸੀਆਂ ਨੂੰ ਇਸ ਲਈ ਸ਼ਰਨ ਦਿਤੀ ਗਈ ਸੀ ਕਿਉਂਕਿ ਬਸਾਂ ਗੱਡੀਆਂ ਦਾ ਚਲਣਾ ਅਚਾਨਕ ਰੋਕ ਦਿਤਾ ਗਿਆ ਸੀ ਤੇ ਉਨ੍ਹਾਂ ਕੋਲ ਹੋਰ ਕਿਤੇ ਜਾਣ ਦਾ ਪ੍ਰਬੰਧ ਨਹੀਂ ਸੀ।

ਗੁਰਦਵਾਰਾ ਪ੍ਰਬੰਧਕਾਂ ਨੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਸ਼ਰਨ ਦਿਤੀ ਤਾਂ ਦਿੱਲੀ ਸਰਕਾਰ ਨੇ ਗੁਰਦਵਾਰਾ ਪ੍ਰਬੰਧਕਾਂ ਉਤੇ ਇਹ ਕਹਿ ਕੇ ਹੀ ਐਫ਼.ਆਈ.ਆਰ. ਦਰਜ ਕਰਵਾ ਦਿਤੀ ਕਿ ਪ੍ਰਬੰਧਕਾਂ ਨੇ ਗੁਰਦਵਾਰੇ ਵਿਚ ਇਕੱਠ ਕੀਤਾ ਜਦਕਿ ਇਹ ਇਕੱਠ ਨਹੀਂ ਸੀ, ਮਜਬੂਰ ਲੋਕਾਂ ਨੂੰ ਆਸਰਾ ਦੇਣਾ ਸੀ। ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਨਾਜਾਇਜ਼ ਗੱਲ ਕੀਤੀ ਗਈ ਹੈ ਤੇ ਐਫ਼.ਆਈ.ਆਰ. ਤੁਰਤ ਰੱਦ ਹੋਣੀ ਚਾਹੀਦੀ ਹੈ।

ਹਜੂਰ ਸਾਹਿਬ ਵਿਚ ਫਸੇ ਸਿੱਖਾਂ ਬਾਰੇ ਪੁਛਿਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਥੇ ਸਾਰੀ ਗੱਲਬਾਤ ਹੋ ਗਈ ਹੈ ਤੇ ਉਥੋਂ ਦੀ ਸਰਕਾਰ ਨੇ ਸਾਡੀ ਗੱਲ ਮੰਨ ਲਈ ਹੈ ਕਿ ਜਦ ਦਾ ਪ੍ਰਬੰਧ ਹੋ ਜਾਵੇ, ਅਸੀਂ ਉਨ੍ਹਾਂ ਨੂੰ ਪੰਜਾਬ ਲੈ ਆਵਾਂਗੇ। ਬਸ ਹੁਣ ਕੇਂਦਰ ਦੀ ਪ੍ਰਵਾਨਗੀ ਮਿਲਣੀ ਬਾਕੀ ਰਹਿ ਗਈ ਹੈ। ਕੇਂਦਰ ਦੀ ਪ੍ਰਵਾਨਗੀ ਮਿਲਦਿਆਂ ਹੀ ਲੋੜ ਪੈਣ 'ਤੇ ਅਸੀਂ ਭਾਵੇਂ ਵਿਸ਼ੇਸ਼ ਹਵਾਈ ਜਹਾਜ਼ ਦਾ ਪ੍ਰਬੰਧ ਕਰੀਏ, ਭਾਵੇਂ ਸਾਨੂੰ ਵਿਸ਼ੇਸ਼ ਰੇਲਗੱਡੀ ਦੇ ਦਿਤੀ ਜਾਵੇ, ਅਸੀਂ ਉਨ੍ਹਾਂ ਯਾਤਰੀਆਂ ਨੂੰ ਲੈ ਆਵਾਂਗੇ। ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ।

ਨਿਜ਼ਾਮੂਦੀਨ ਵਿਚ ਮੁਸਲਮਾਨਾਂ ਦੇ ਇਕ ਜਥੇ ਵਲੋਂ ਕੀਤੇ ਗਏ ਇਕੱਠ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗ਼ਲਤੀ ਦਿੱਲੀ ਸਰਕਾਰ ਦੀ ਹੈ ਜਿਸ ਨੇ ਇਹ ਇਕੱਠ ਹੋਣ ਦਿਤਾ। ਉੁਨ੍ਹਾਂ ਸਹਿਮਤੀ ਪ੍ਰਗਟ ਕੀਤੀ ਕਿ ਦਿੱਲੀ ਸਰਕਾਰ ਦੀ ਗ਼ਲਤੀ ਨੂੰ ਲੈ ਕੇ ਇਸ ਘੱਟਗਿਣਤੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਗ਼ਲਤ ਹੈ।