ਗੁਰਦਵਾਰਾ ਰਾਜੌਰੀ ਗਾਰਡਨ ਦੀ ਕਮੇਟੀ ਲੋੜਵੰਦਾਂ ਨੂੰ ਕਰਵਾ ਰਹੀ ਹੈ ਲੰਗਰ ਮੁਹਈਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੇਵਾ ਨਿਰੰਤਰ ਜਾਰੀ ਰਹੇਗੀ ਜਦ ਤਕ ਹਾਲਾਤ ਠੀਕ ਨਹੀਂ ਹੁੰਦੇ : ਹਰਮਨਜੀਤ ਸਿੰਘ

ਗੁਰਦਵਾਰਾ ਰਾਜੌਰੀ ਗਾਰਡ ਦੇ ਸੇਵਾਦਾਰ ਤੇ ਸਟਾਫ਼ ਮੈਂਬਰ ਆਦਿ ਜ਼ਰੂਰਤਮੰਦਾਂ ਨੂੰ ਲੰਗਰ ਵੰਡਦੇ ਹੋਏ।

ਨਵੀਂ ਦਿੱਲੀ, 7 ਅਪ੍ਰੈਲ (ਸੁਖਰਾਜ ਸਿੰਘ) : ਪੱਛਮੀ ਦਿੱਲੀ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਲੋਂ ਮਹਾਂਮਾਰੀ ਕੋਰੋਨਾ ਵਾਇਰਸ ਬੀਮਾਰੀ ਦੌਰਾਨ ਹੋਏ ਲਾਕਡਾਊਨ ਕਾਰਨ ਰੋਜ਼ਾਨਾ 10 ਤੋਂ 12 ਹਜ਼ਾਰ ਲੋਕਾਂ ਲਈ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ।


ਗੁਰਦਵਾਰੇ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦਸਿਆ ਕਿ ਗੁਰਦਵਾਰਾ ਕਮੇਟੀ ਸਥਾਨਕ ਸੰਗਤਾਂ ਨਾਲ ਮਿਲ ਕੇ ਗੁਰਦਵਾਰਾ ਸਾਹਿਬ ਤੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਰੋਜ਼ਾਨਾ ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕਰ ਰਹੇ ਹਨ। ਇਸ ਤੋਂ ਇਲਾਵਾ ਸੰਗਤਾਂ ਵੱਲੋਂ ਆਪਣੇ ਘਰਾਂ ਤੋਂ ਪ੍ਰਸ਼ਾਦੇ ਬਣਾ ਕੇ ਵੀ ਭੇਜੇ ਜਾਂਦੇ ਹਨ।


ਹਰਮਨਜੀਤ ਸਿੰਘ ਦਸਿਆ ਕਿ ਗੁਰਦਵਾਰੇ ਦੇ ਸੇਵਾਦਾਰ ਤੇ ਹੋਰ ਵਾਲੰਟੀਅਰਜ਼ ਦਿੱਲੀ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਮਾਇਆ ਪੁਰੀ ਝੁੱਗੀ ਬਸਤੀ ਤੇ ਰਘੁਬੀਰ ਨਗਰ ਸਮੇਤ ਹੋਰ ਕਈ ਅਜਿਹੇ ਇਲਾਕੇ ਜਿੱਥੇ ਦਿਹਾੜੀ ਮਜਦੂਰ ਰਹਿੰਦੇ ਹਨ ਉਨ੍ਹਾਂ ਨੂੰ ਖਾਣ-ਪੀਣ, ਬੱਚਿਆਂ ਲਈ ਦੁੱਧ ਦੀ ਵਿਵਸਥਾ ਕਰ ਰਹੀ ਹੈ।
ਹਰਮਨਜੀਤ ਸਿੰਘ ਨੇ ਦਸਿਆ ਕਿ ਰਾਜੌਰੀ ਗਾਰਡਨ ਦੀ ਸੰਗਤ ਵੀ ਇਸ ਕਾਰਜ ਵਿਚ ਵਧ-ਚੜ੍ਹ ਕੇ ਗੁਰਦਵਾਰਾ ਕਮੇਟੀ ਦਾ ਸਾਥ ਦੇ ਰਹੀ ਹੈ ਤੇ ਰਾਸ਼ਨ ਦੇ ਨਾਲ-ਨਾਲ ਨਕਦੀ ਰਾਸ਼ੀ ਵੀ ਦੇ ਕੇ ਸਹਯੋਗ ਕਰ ਰਹੀ ਹੈ ਜਿਸ ਕਰਕੇ ਇਹ ਸੇਵਾ ਨਿਰੰਤਰ ਜਾਰੀ ਹੈ ਅਤੇ ਜਦੋਂ ਤਕ ਹਾਲਾਤ ਸਮਾਨ ਰੂਪ 'ਚ ਨਹੀਂ ਆਉਂਦੇ ਇਹ ਸੇਵਾ ਜਾਰੀ ਰਹੇਗੀ।