ਸਿਹਤ ਵਿਭਾਗ ਨੇ ਤਬਲੀਗ਼ ਜਮਾਤ ਵਿਚ ਭਾਗ ਲੈਣ ਵਾਲਿਆਂ ਨੂੰ ਦਿਤਾ 24 ਘੰਟਿਆਂ ਦਾ ਸਮਾਂ
ਕਿਹਾ, ਸਾਹਮਣੇ ਆਉਣ ਜਾਂ ਫਿਰ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ
ਚੰਡੀਗੜ੍ਹ, 7 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਿਹਤ ਵਿਭਾਗ ਨੇ ਬੁਧਵਾਰ ਨੂੰ ਦਿੱਲੀ ਨਿਜ਼ਾਮੂਦੀਨ ਮਰਕਜ਼ ਵਿਖੇ ਤਬਲੀਗ ਜਮਾਤ ਸਮਾਗਮ ਵਿਚ ਸਾਰੇ ਭਾਗ ਲੈਣ ਵਾਲੇ ਲੋਕਾਂ, ਜੋ ਸੂਬੇ ਵਿਚ ਛੁਪੇ ਹੋਏ ਹਨ, ਨੂੰ 24 ਘੰਟਿਆਂ ਦੀ ਆਖਰੀ ਮੁਹਲਤ ਦਿੰਦਿਆਂ ਕਿਹਾ ਹੈ ਕਿ ਉਹ ਅਪਣੇ ਨੇੜਲੇ ਥਾਣੇ ਵਿਚ ਰੀਪੋਰਟ ਕਰਨ ਜਾਂ ਫਿਰ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਇਹ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਉਹ ਸਾਰੇ ਵਿਅਕਤੀ ਜਿਹੜੇ ਨਿਜ਼ਾਮੂਦੀਨ ਮਰਕਜ਼ ਵਿਖੇ ਤਬਲੀਗੀ ਜਮਾਤ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ ਅਤੇ ਇਸ ਵੇਲੇ ਪੰਜਾਬ ਵਿਚ ਛੁਪੇ ਹੋਏ ਹਨ, ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਅਗਲੇ 24 ਘੰਟਿਆਂ ਵਿਚ ਕੋਵਿਡ-19 ਦੀ ਸਕ੍ਰੀਨਿੰਗ ਲਈ ਪੇਸ਼ ਹੋਣਾ ਚਾਹੀਦਾ ਹੈ।
ਨਿਜ਼ਾਮੂਦੀਨ ਤੋਂ ਕਥਿਤ ਤੌਰ 'ਤੇ ਪੰਜਾਬ ਪਹੁੰਚਣ ਵਾਲੇ 467 ਤਬਲੀਗ ਜਮਾਤ 'ਚ ਭਾਗ ਲੈਣ ਵਾਲਿਆਂ ਵਿਚੋਂ ਪੁਲੀਸ ਨੇ ਹੁਣ ਤਕ 445 ਕਾਰਕੁੰਨਾਂ ਦਾ ਪਤਾ ਲਗਾਇਆ ਸੀ, ਅਤੇ 22 ਹੋਰਨਾਂ ਦੀ ਭਾਲ ਜਾਰੀ ਹੈ।
ਬੁਲਾਰੇ ਨੇ ਦਸਿਆ ਕਿ ਇਨ੍ਹਾਂ ਵਿਚੋਂ 350 ਦੇ ਸੈਂਪਲ ਟੈਸਟ ਕੀਤੇ ਗਏ ਸਨ ਅਤੇ ਇਨ੍ਹਾਂ ਵਿਚੋਂ 12 ਪਾਜ਼ੇਟਿਵ ਅਤੇ 111 ਨੈਗੇਟਿਵ ਪਾਏ ਗਏ ਸਨ ਅਤੇ ਬਾਕੀ 227 ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।