ਕਰਫ਼ਿਊ ਦੌਰਾਨ ਘਰ-ਘਰ ਫਲਾਂ ਅਤੇ ਸਬਜ਼ੀਆਂ ਦੀ ਨਿਰਵਿਘਨ ਸਪਲਾਈ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੇਹੜੀਆਂ 'ਤੇ ਕੀਮਤ ਸੂਚੀ ਪ੍ਰਦਰਸ਼ਤ, ਭੰਡਾਰ ਕਰ ਕੇ ਲੁੱਟ-ਖਸੁੱਟ ਕਰਨ ਵਾਲਿਆਂ ਦੀ ਖੈਰ ਨਹੀਂ

File Photo

ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ, ਟਿੰਕਾ ਆਨੰਦ): ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਨੂੰ ਘਰ-ਘਰ ਫ਼ਲ ਅਤੇ ਸਬਜ਼ੀਆਂ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ਵਿਚ 1172 ਰੇਹੜੀਆਂ ਅਤੇ 171 ਟੈਂਪੂ, ਛੋਟਾ ਹਾਥੀ ਅਤੇ ਟਰੈਕਟਰ ਟਰਾਲੀਆਂ ਆਦਿ ਰਾਹੀਂ ਲੋਕਾਂ ਨੂੰ ਘਰ-ਘਰ ਜਾ ਕੇ ਫ਼ਲਾਂ ਅਤੇ ਸਬਜ਼ੀਆਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਸਪਲਾਈ ਦੌਰਾਨ ਸਮਾਜਕ ਦੂਰੀ ਦਾ ਖਾਸ ਖਿਆਲ ਰੱਖਆ ਜਾ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਪ੍ਰਭਾਵਤ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਹੀ ਫ਼ੈਲਦਾ ਹੈ। ਵਿਕਰੀ ਵਾਲੀਆਂ ਥਾਵਾਂ 'ਤੇ ਸਾਫ਼-ਸਫ਼ਾਈ ਦਾ ਮੁਕੰਮਲ ਪ੍ਰਬੰਧ ਰੱਖਿਆ ਜਾ ਰਿਹਾ ਹੈ। ਵਿਕ੍ਰੇਤਾਵਾਂ ਵਲੋਂ ਸੈਨੇਟਾਈਜ਼ੇਸ਼ਨ ਦਾ ਵੀ ਪੂਰਾ ਖਿਆਲ ਰਖਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ 'ਤੇ ਜਿਲ੍ਹਾ ਮੰਡੀ ਅਫ਼ਸਰ ਜਸਵੀਰ ਸਿੰਘ ਵੱਲੋਂ ਸਬਜ਼ੀਆਂ ਅਤੇ ਫ਼ਲਾਂ ਦੀ ਵਿਕਰੀ 'ਤੇ ਪੂਰੀ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਸਾਫ਼ ਸਫ਼ਾਈ ਦੇ ਮੁਕੰਮਲ ਪ੍ਰਬੰਧਾਂ ਦੇ ਨਾਲ-ਨਾਲ ਵਸਤੂਆਂ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਵੀ ਪ੍ਰਬੰਧ ਕੀਤੇ ਗਏ ਹਨ। ਸਮੂਹ ਵਿਕ੍ਰੇਤਾਵਾਂ ਵਲੋਂ ਸਬਜ਼ੀਆਂ ਅਤੇ ਫ਼ਲਾਂ ਦੀਆਂ ਰੇਹੜੀਆਂ 'ਤੇ ਕੀਮਤ ਸੂਚੀ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਮੁਨਾਫ਼ਾਖੋਰ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਨਾ ਮਾਰ ਸਕਣ।

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਭੰਡਾਰ ਕਰ ਕੇ ਲੋਕਾਂ ਦਾ ਵਿੱਤੀ ਸੋਸ਼ਣ ਕਰਨ ਦੀ ਪ੍ਰਵਿਰਤੀ ਵਾਲੇ ਅਨਸਰਾਂ ਵਿਰੁਧ ਕਾਰਵਾਈ ਹੋਵੇਗੀ ਅਤੇ ਕੋਈ ਵੀ ਵਿਅਕਤੀ ਇਸ ਦੀ ਸੂਚਨਾ ਜ਼ਿਲ੍ਹਾ ਹੈਲਪਲਾਈਨ ਨੰਬਰ 01672-232304 ਜਾਂ ਜ਼ਿਲ੍ਹਾ ਮੰਡੀ ਅਫ਼ਸਰ ਦੇ ਮੋਬਾਈਲ ਨੰਬਰ 97806-00300 'ਤੇ ਦੇ ਸਕਦਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕ ਸਬਜ਼ੀਆਂ ਅਤੇ ਫ਼ਲਾਂ ਦੀ ਖਰੀਦਦਾਰੀ ਕਰਨ ਲਈ ਘਰਾਂ ਤੋ ਬਾਹਰ ਨਾ ਨਿਕਲਣ ਅਤੇ ਉਨ੍ਹਾਂ ਨੂੰ ਘਰਾਂ ਵਿਚ ਹੀ ਲੋੜੀਂਦੀਆਂ ਸਬਜ਼ੀਆਂ ਅਤੇ ਫ਼ਲ ਵਧੀਆ ਅਤੇ ਵਾਜ਼ਬ ਮੁੱਲ ਵਿਚ ਉਪਲਬਧ ਕਰਵਾਈਆਂ ਜਾ ਸਕਣ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ ਕਿ ਜ਼ੇਕਰ ਕੋਈ ਵਿਅਕਤੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।