ਗਿਆਨ ਸਾਗਰ ਹਸਪਤਾਲ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 23

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰਿਆਂ ਦੀ ਹਾਲਤ ਸਥਿਰ

File photo

ਬਨੂੜ  (ਅਵਤਾਰ ਸਿੰਘ) : ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ। ਡੇਰਾਬਸੀ ਦੇ ਜਵਾਹਰਪੁਰ ਦੇ ਸੱਤ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਵੀ ਅੱਜ ਗਿਆਨ ਸਾਗਰ ਲਿਆਂਦਾ ਗਿਆ ਹੈ। ਇਨ੍ਹਾਂ ਮਰੀਜ਼ਾਂ ਵਿਚ ਦਿੱਲੀ ਦੇ ਤਬਲੀਗੀ ਸਮਾਗਮ ਵਿਚ ਸ਼ਾਮਲ ਦੋ ਮਹਿਲਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਥੇ ਕਲ ਦਾਖ਼ਲ ਕਰਾਇਆ ਸੀ।

ਬਾਕੀ ਮਰੀਜ਼ਾਂ ਮੁਹਾਲੀ, ਮੌਲੀ, ਕੁੰਭੜਾ, ਚਤਾਮਲੀ (ਰੂਪਨਗਰ), ਜਵਾਹਰਪੁਰ ਨਾਲ ਸਬੰਧਤ ਹਨ। ਮਰੀਜ਼ਾਂ ਵਿਚ ਇਕ ਗਿਆਰਾਂ ਸਾਲਾ ਬੱਚੀ ਵੀ ਸ਼ਾਮਲ ਹੈ, ਜਿਸ ਦੇ ਨਾਲ ਉਸ ਦੀ ਨਾਨੀ ਵੀ ਕਰੋਨਾ ਤੋਂ ਪੀੜਤ ਹੋਣ ਕਾਰਨ ਇਥੇ ਜ਼ੇਰੇ ਇਲਾਜ ਹੈ। ਗਿਆਨ ਸਾਗਰ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦਸਿਆ ਕਿ ਸਮੁੱਚੇ ਮਰੀਜ਼ਾਂ ਦੀ ਹਾਲਤ ਸਥਿਰ ਹੈ।

ਕਿਸੇ ਨੂੰ ਵੀ ਆਕਸੀਜਨ ਜਾਂ ਵੈਂਟੀਲੇਟਰ ਦੀ ਲੋੜ ਨਹੀਂ ਹੈ। ਉਨ੍ਹਾਂ ਦਸਿਆ ਕਿ ਮਰੀਜ਼ਾਂ ਨੂੰ ਡੇਢ-ਡੇਢ ਮੀਟਰ ਦੀ ਦੂਰੀ ਉਤੇ ਬਣਾਏ ਬੈੱਡਾਂ ਵਾਲੇ ਮਹਿਲਾਵਾਂ ਅਤੇ ਮਰਦਾਂ ਦੇ ਵੱਖੋ-ਵੱਖਰੇ ਵਾਰਡਾਂ ਵਿੱਚ ਰੱਖਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਸਾਰੇ ਮਰੀਜ਼ ਪੂਰੀ ਚੜ੍ਹਦੀ ਕਲਾ ਵਿਚ ਹਨ। ਉਨ੍ਹਾਂ ਦਸਿਆ ਕਿ ਮਰੀਜ਼ਾਂ ਦੇ ਵਾਰਡਾਂ ਵਿੱਚ ਇੱਕ ਡਾਕਟਰ, ਇਕ ਸਟਾਫ਼ ਨਰਸ ਅਤੇ ਇੱਕ ਅਟੈਂਡੈਂਟ ਮੌਜੂਦ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਛੇ ਡਾਕਟਰ ਵੀ ਇਥੇ ਲਗਾਤਾਰ ਡਿਊਟੀ ਦੇ ਰਹੇ ਹਨ। ਉਨ੍ਹਾਂ ਦਸਿਆ ਕਿ ਹਸਪਤਾਲ ਦਾ ਅਮਲਾ ਪੂਰੇ ਬਿਨ੍ਹਾਂ ਕਿਸੇ ਡਰ ਤੋਂ ਮਰੀਜ਼ਾਂ ਦੇ ਇਲਾਜ ਵਿੱਚ ਜੁਟਿਆ ਹੋਇਆ ਹੈ।