ਤਾਲਾਬੰਦੀ ਦੌਰਾਨ ਕੁਆਰਕ ਕੰਪਨੀ ਨੇ ਮੁਹਾਲੀ ਦੇ ਸਫ਼ਾਈ ਕਰਮਚਾਰੀਆਂ ਦੀ ਫੜ੍ਹੀ ਬਾਂਹ
ਸੁੱਕਾ ਰਾਸ਼ਨ ਦੇ ਕੇ ਕੀਤਾ ਸਲੂਟ, ਸੁੱਕਾ ਰਾਸ਼ਨ ਕੁਆਰਕ ਕੰਪਨੀ ਪ੍ਰਬੰਧਕਾ ਵਲੋਂ ਵੰਡਿਆ
ਐਸ.ਏ.ਐਸ ਨਗਰ (ਸੁਖਦੀਪ ਸਿੰਘ ਸੋਈਂ): ਕੋਰੋਨਾ-19 ਦੇ ਚਲਦਿਆਂ ਦੇਸ਼ 'ਚ 21 ਦਿਨਾਂ ਦੀ ਤਾਲਾਬੰਦੀ ਦੌਰਾਨ ਅੱਜ ਮੁਹਾਲੀ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਦੀ ਵੀ ਕਿਸੇ ਨੇ ਬਾਂਹ ਫੜੀ ਹੈ। ਮੁਹਾਲੀ ਸ਼ਹਿਰ ਵਿਚਲੇ ਇਨਾਂ ਕਰਮਚਾਰੀਆਂ ਨੂੰ ਪਹਿਲੇ ਪੜਾਅ ਦੌਰਾਨ ਸੁੱਕਾ ਰਾਸ਼ਨ ਕੁਆਰਕ ਕੰਪਨੀ ਪ੍ਰਬੰਧਕਾ ਵਲੋਂ ਵੰਡਿਆ ਗਿਆ। ਇਸ ਰਾਸ਼ਨ 'ਚ ਆਟਾ, ਚਾਵਲ, ਚੀਨੀ, ਚਾਹਪੱਤੀ, ਦਾਲ, ਨਮਕ, ਹਲਦੀ, ਮਿਰਚ, ਸਰੋਂ ਦਾ ਤੇਲ ਆਦੀ ਹੈ ਅਤੇ ਇਹ ਰਾਸ਼ਨ ਆਉਣ ਵਾਲੇ 8 ਦਿਨਾਂ ਤਕ ਚੱਲ ਸਕਦਾ ਹੈ।
ਇਸ ਸਬੰਧੀ ਕੁਆਰਕ ਕੰਪਨੀ ਦੇ ਪ੍ਰਬੰਧਕ ਰਾਜੇਸ਼ ਕੁਮਾਰ ਸ਼ਰਮਾਂ ਨੇ ਦਸਿਆ ਕਿ 2 ਦਿਨ ਬਾਅਦ ਸ਼ਹਿਰ ਵਿਚਲੇ ਜੋਨ-2 ਅਤੇ ਉਦਯੋਗਿਕ ਖੇਤਰ ਦੇ ਇਲਾਕੇ 'ਚ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਸੁੱਕਾ ਰਾਸ਼ਨ ਮੁਹਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ 14 ਅਪ੍ਰੈਲ ਤੋਂ ਬਾਅਦ ਵੀ ਤਾਲਾਬੰਦੀ ਜਾਂ ਪੰਜਾਬ ਸਰਕਾਰ ਵਲੋਂ ਕਰਫ਼ਿਊ ਦੀ ਤਰੀਕ ਵਧਾਈ ਜਾਂਦੀ ਹੈ ਤਾਂ ਉਨਾਂ ਦੀ ਕੰਪਨੀ ਵਲੋਂ ਸ਼ਹਿਰ ਦੇ ਜਰੂਰਤਮੰਦਾ ਤੱਕ ਇਹ ਰਾਸ਼ਨ ਪਹੁੰਚਾਇਆ ਜਾਵੇਗਾ। ਇਸ ਮੌਕੇ ਰਾਜੇਸ਼ ਕੁਮਾਰ ਸ਼ਰਮਾਂ ਸੀ. ਈ. ਓ ਕੁਆਰਕ ਲਿਮਟਿਡ, ਏ. ਐਸ. ਰਾਠੌਰ ਸੀ. ਐਲ. ਓ. ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ, ਏ. ਐਸ. ਪੀ. ਅਸ਼ਵਨੀ ਗੋਟਿਆਲ, ਥਾਣਾ ਫੇਜ਼-1 ਦੇ ਮੁਖੀ ਮਨਫੂਲ ਸਿੰਘ ਅਤੇ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਹਾਜ਼ਰ ਸਨ।