ਜੇਲ 'ਚ ਬੰਦ ਹਵਾਲਾਤੀਆਂ ਨੇ ਜ਼ਮਾਨਤ ਦੀ ਮੰਗ ਲਈ ਕੀਤੀ ਭੁੱਖ ਹੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ ਅਧਿਕਾਰੀਆਂ ਨੇ ਅਰਜ਼ੀਆਂ ਲੈ ਕੇ ਭੇਜੀਆਂ ਉਚ ਅਧਿਕਾਰੀਆਂ ਨੂੰ

The prisoners in hunger strike demanded bail

ਬਠਿੰਡਾ, 7 ਅਪ੍ਰੈਲ (ਸੁਖਜਿੰਦਰ ਮਾਨ): ਕੋਰੋਨਾ ਵਾਇਰਸ ਦੇ ਚਲਦਿਆਂ ਜੇਲਾਂ 'ਚ ਭੀੜ ਘੱਟ ਕਰਨ ਲਈ ਪੰਜਾਬ ਸਰਕਾਰ ਵਲੋਂ ਘੱਟ ਸਜ਼ਾਵਾਂ ਵਾਲੇ ਅਪਰਾਧੀਆਂ ਨੂੰ ਜਮਾਨਤਾਂ ਅਤੇ ਪੈਰੋਲ 'ਤੇ ਘਰਾਂ 'ਚ ਭੇਜਣ ਤੋਂ ਬਾਅਦ ਬਠਿੰਡਾ ਦੀ ਕੇਂਦਰੀ ਜੇਲ 'ਚ ਬੰਦ ਖ਼ਤਰਨਾਕ ਧਾਰਾਵਾਂ ਵਾਲੇ ਹਵਾਲਾਤੀਆਂ ਵਲੋਂ ਵੀ ਅਪਣੀਆਂ ਜਮਾਨਤਾਂ ਦੀ ਮੰਗ ਨੂੰ ਲੈ ਕੇ ਜੇਲ ਅੰਦਰ ਭੁੱਖ ਹੜਤਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਬੀਤੇ ਕਲ ਤੋਂ ਭੁੱਖ ਹੜਤਾਲ 'ਤੇ ਚੱਲ ਰਹੇ ਇੰਨ੍ਹਾਂ ਹਵਾਲਾਤੀਆਂ ਨੂੰ ਅੱਜ ਬਾਅਦ ਦੁਪਿਹਰ ਜੇਲ ਅਧਿਕਾਰੀਆਂ ਨੇ ਮਸਲਾ ਹੱਲ ਕਰਨ ਦਾ ਭਰੋਸਾ ਦਿਵਾ ਕੇ ਹੜਤਾਲ ਸਮਾਪਤ ਕਰਵਾ ਦਿਤੀ।


  ਜੇਲ ਦੇ ਸੂਤਰਾਂ ਮੁਤਾਬਕ ਇਕ ਹਜ਼ਾਰ ਦੇ ਕਰੀਬ ਬੰਦ ਹਵਾਲਾਤੀਆਂ ਨੇ ਕੋਰੋਨਾ ਵਾਇਰਸ ਦੇ ਡਰੋਂ ਬੀਤੇ ਕਲ ਤੋਂ ਭੁੱਖ ਹੜਤਾਲ ਕੀਤੀ ਹੋਈ ਸੀ। ਹਾਲਾਂਕਿ ਜੇਲ ਅਧਿਕਾਰੀਆਂ ਮੁਤਾਬਕ ਅੱਧੇ ਹਵਾਲਾਤੀ ਹੀ ਹੜਤਾਲ ਉਪਰ ਗਏ ਸਨ। ਮਿਲੀ ਸੂਚਨਾ ਮੁਤਾਬਕ ਸਰਕਾਰ ਵਲੋਂ ਬਣਾਈ ਨੀਤੀ ਤਹਿਤ ਕਤਲ, ਇਰਾਦਾ ਕਤਲ, ਬਲਾਤਕਾਰ ਅਤੇ ਨਸ਼ਾ ਵਿਰੋਧੀ ਐਕਟ ਤਹਿਤ ਜੇਲਾਂ ਵਿਚ ਬੰਦ ਹਵਾਲਾਤੀਆਂ ਨੂੰ ਇਸ ਵਿਸ਼ੇਸ਼ ਜ਼ਮਾਨਤ ਦੀ ਸਹੂਲਤ ਨਹੀਂ ਦਿਤੀ ਗਈ ਹੈ।

  ਸੂਤਰਾਂ ਮੁਤਾਬਕ ਬਠਿੰਡਾ ਜੇਲ 'ਚ ਬੰਦ ਕੁੱਝ ਹਵਾਲਾਤੀਆਂ ਨੇ ਇਸ ਨੂੰ ਮੁੱਦਾ ਬਣਾਉਂਦਿਆਂ ਦੂਜੇ ਹਵਾਲਾਤੀਆਂ ਨੂੰ ਵੀ ਭੜਕਾ ਦਿਤਾ ਸੀ। ਜਿਸ ਤੋਂ ਬਾਅਦ ਬੀਤੇ ਕਲ ਸਵੇਰੇ ਅਤੇ ਸ਼ਾਮ ਸਮੇਂ ਜ਼ਿਆਦਾਤਰ ਹਵਾਲਾਤੀਆਂ ਨੇ ਖਾਣਾ ਖਾਣ ਤੋਂ ਇੰਨਕਾਰ ਕਰ ਦਿਤਾ ਸੀ। ਅੱਜ ਸਵੇਰੇ ਵੀ ਹਵਾਲਾਤੀਆਂ ਨੇ ਖਾਣਾ ਨਹੀਂ ਖਾਧਾ।

   ਇਸ ਦੌਰਾਨ ਜੇਲ ਅਧਿਕਾਰੀਆਂ ਨੇ ਹਵਾਲਾਤੀਆਂ ਨੂੰ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਅਤੇ ਕੋਰੋਨਾ ਵਾਇਰਸ ਵਰਗੀ ਖ਼ਤਰਨਾਕ ਬੀਮਾਰੀ ਤੋਂ ਬਚਣ ਲਈ ਅਪਣੀ ਸਰੀਰਿਕ ਸ਼ਕਤੀ ਬਣਾਈ ਰੱਖਣ ਲਈ ਖਾਣਾ ਖਾਣ ਦੀ ਲੋੜ 'ਤੇ ਜ਼ੋਰ ਦਿਤਾ ਜਿਸ ਤੋਂ ਬਾਅਦ ਹਵਾਲਾਤੀ ਮੰਨ ਗਏ ਅਤੇ ਉਨ੍ਹਾਂ ਆਪੋ-ਅਪਣੀ ਜ਼ਮਾਨਤ ਲਈ ਅਰਜ਼ੀਆਂ ਜੇਲ ਅਧਿਕਾਰੀਆਂ ਨੂੰ ਸੌਂਪ ਦਿਤੀਆਂ। ਉਧਰ ਜੇਲ ਸੁਪਰਡੈਂਟ ਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲਾ ਨਿਪਟ ਗਿਆ ਹੈ।