ਪਾਕਿਸਤਾਨੀ ਲੜਕੇ ਦੇ ਪਿਆਰ ਵਿਚ ਅੰਨ੍ਹੀ ਲੜਕੀ ਪਹੁੰਚੀ ਡੇਰਾ ਬਾਬਾ ਨਾਨਕ ਕੋਰੀਡੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਮਾ ਸੁਰੱਖਿਅਤ ਫ਼ੋਰਸ ਨੇ ਕੀਤੀ ਕਾਬੂ

Girl fall in love

ਕਲਾਨੌਰ /ਡੇਰਾ ਬਾਬਾ ਨਾਨਕ (ਗੁਰਦੇਵ ਸਿੰਘ ਰਜਾਦਾ): ਭਾਰਤ ਦੀ ਲੜਕੀ ਨੂੰ ਪਾਕਿਸਤਾਨ ਦੇ ਮੁੰਡੇ ਨਾਲ ਪਿਆਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਪਾਕਿਸਤਾਨੀ ਮੁੰਡੇ ਨਾਲ ਪਿਆਰ ਵਿਚ ਇਸ ਕਦਰ ਪਾਗਲ ਹੋ ਗਈ ਕਿ ਉਸ ਨੇ ਉੜੀਸਾ ਤੋਂ ਅਪਣਾ ਘਰ ਬਾਰ ਛੱਡ ਕੇ ਡੇਰਾ ਬਾਬਾ ਨਾਨਕ ਭਾਰਤ-ਪਾਕਿਸਤਾਨ ਬਾਰਡਰ ਪਾਰ ਕਰ ਕੇ ਪਾਕਿਸਤਾਨ ਜਾਣ ਦੀ ਠਾਣ ਲਈ।

ਇਸ ਤੋਂ ਪਹਿਲਾਂ ਕਿ ਉਹ ਅਪਣੇ ਮਨਸੂਬੇ ਵਿਚ ਕਾਮਯਾਬ ਹੁੰਦੀ  ਬੀ.ਐਸ.ਐਫ਼. ਵਲੋਂ ਬਾਰਡਰ ਉਤੇ ਸ਼ੱਕੀ ਹਾਲਤ ਵਿਚ ਘੁੰਮਦੇ ਹੋਏ ਮਹਿਲਾ ਕਾਂਸਟੇਬਲਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਅਤੇ ਡੇਰਾ ਬਾਬਾ ਨਾਨਕ ਪੁਲਿਸ ਨੂੰ ਸੌਂਪ ਦਿਤਾ। ਇਸ ਸਬੰਧੀ ਡੀਐਸਪੀ ਕੰਵਲਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਸਾਰੀ ਘਟਨਾ ਤੋਂ ਰੂਬਰੂ ਕਰਾਇਆ ਜਿਸ ਵਿਚ ਉਨ੍ਹਾਂ ਦਸਿਆ  ਕਿ ਉੜੀਸਾ ਦੀ ਰਹਿਣ ਵਾਲੀ ਲੜਕੀ ਜਿਸ ਦੀ ਉਮਰ ਕਰੀਬ ਪੱਚੀ ਸਾਲ ਹੈ।

ਉਹ ਪਿਛਲੇ ਛੇ ਸਾਲ ਤੋਂ ਸ਼ਾਦੀਸੁਦਾ ਹੈ ਅਤੇ ਕਰੀਬ ਦੋ ਸਾਲ ਪਹਿਲਾਂ ਉਸ ਨੇ ਅਪਣੇ ਮੋਬਾਈਲ ਫ਼ੋੋੋਨ ਉਤੇ ਇਕ ਐਪ ਡਾਊਨਲੋਡ ਕੀਤੀ ਜਿਸ ਉਤੇ ਇਸ ਔਰਤ ਨੇ ਇਸ ਗਰੁੱਪ ਵਿਚ ਦੋਸਤਾਨਾ ਚੈਟ ਕਰਨੀ ਸ਼ੁਰੂ ਕਰ ਦਿਤੀ। ਕਰੀਬ ਦੋ ਮਹੀਨੇ ਪਹਿਲਾਂ ਇਹ ਲੜਕੀ ਅਪਣੇ ਪੇਕੇ ਆਈ ਹੋਈ ਸੀ ਅਤੇ ਉੱਥੇ ਰਹਿੰਦਿਆਂ ਇਸ ਦੀ ਐਪ ਰਾਹੀਂ ਇਸਲਾਮਾਬਾਦ ਪਾਕਿਸਤਾਨ ਦੇ ਇਕ ਲੜਕੇ ਮੁਹੰਮਦ ਵੱਕਾਰ ਨਾਲ ਗੱਲਬਾਤ ਸ਼ੁਰੂ ਹੋ ਗਈ। ਉਸ ਤੋਂ ਬਾਅਦ ਲੜਕੇ ਲੜਕੀ ਨੇ ਆਪਣੇ ਵਟਸਐਪ ਨੰਬਰ ਆਦਾਨ-ਪ੍ਰਦਾਨ ਕੀਤੇ ਜਿਸ ਤੋਂ ਬਾਅਦ ਇਨ੍ਹਾਂ ਦੀ ਵਟਸਐਪ ਉਤੇ ਗੱਲਬਾਤ ਚੱਲਣੀ ਸ਼ੁਰੂ ਹੋ ਗਈ।

ਮੁਹੰਮਦ ਵੱਕਾਰ ਵਾਸੀ ਪਾਕਿਸਤਾਨ ਨੇ ਇਸ ਲੜਕੀ ਨੂੰ ਕਰਤਾਰਪੁਰ ਸਾਹਿਬ ਕੌਰੀਡੋਰ ਭਾਰਤ ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਰਸਤੇ ਪਾਕਿਸਤਾਨ ਆਉਣ ਲਈ ਕਿਹਾ ਜਿਸ ਤੋਂ ਬਾਅਦ ਸਹਿਮਤੀ ਦੇ ਕੇ ਇਹ ਲੜਕੀ ਅਪਣੇ ਪੇਕੇ ਪਰਵਾਰ ਉੜੀਸਾ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚੀ।  
ਪੰਜ ਅਪ੍ਰੈਲ ਨੂੰ ਉਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਹੀ ਅਤੇ ਛੇ ਅਪ੍ਰੈਲ ਨੂੰ ਬੱਸ ਰਾਹੀਂ ਡੇਰਾ ਬਾਬਾ ਨਾਨਕ ਪਹੁੰਚ ਗਈ। ਡੀਐਸਪੀ ਕੰਵਲਪ੍ਰੀਤ ਸਿੰਘ ਨੇ ਦਸਿਆ ਕਿ  ਇਹ ਲੜਕੀ ਆਟੋ ਰਿਕਸ਼ਾ ਰਾਹੀਂ ਭਾਰਤ ਪਾਕਿਸਤਾਨ ਸਰਹੱਦ ਉਤੇ ਬਣੇ ਕੌਰੀਡੋਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੀ ਜਿੱਥੇ ਬੀ.ਐਸ.ਐਫ਼. ਨੇ ਇਸ ਨੂੰ ਇਹ ਕਹਿ ਕੇ ਵਾਪਸ ਭੇਜ ਦਿਤਾ ਕਿ ਕੋਰੋਨਾ ਕਰ ਕੇ ਇਹ ਕੌਰੀਡੋਰ ਬੰਦ ਹੈ।

ਬਿਨਾਂ ਪਾਸਪੋਰਟ ਪਾਕਿਸਤਾਨ ਜਾਣਾ ਅਸੰਭਵ ਹੈ। ਇਸ ਦੌਰਾਨ ਐਸ ਐਚ ਓ ਅਨਿਲ ਪਵਾਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਅਤੇ ਉਹ ਲੜਕੀ ਨੂੰ ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਲੈ ਆਏ । ਇਸ ਲੜਕੀ ਕੋਲੋਂ ਸੱਠ ਗ੍ਰਾਮ ਸੋਨੇ ਦੇ ਗਹਿਣੇ ਵੀ ਮਿਲੇ ਜੋ ਘਰ ਤੋਂ ਪਾਕਿਸਤਾਨ ਲੈ ਕੇ ਜਾਣ ਲਈ ਅਪਣੇ ਨਾਲ ਲੈ ਆਈ ਸੀ ਬਾਅਦ ਵਿਚ ਐੱਸਐਚਓ ਅਨਿਲ ਪਵਾਰ ਵਲੋਂ  ਉੜੀਸਾ ਵਿਚ ਸਬੰਧਤ ਥਾਣੇ ਨਾਲ ਸੰਪਰਕ ਕੀਤਾ ਗਿਆ ਅਤੇ ਪਤਾ ਲੱਗਾ ਕਿ ਇਸ ਦੇ ਪਤੀ ਵਲੋਂ ਗੁੰਮਸ਼ੁਦਗੀ ਦੀ ਰੀਪੋਰਟ ਦਰਜ ਕਰਾਈ ਗਈ ਹੈ। ਡੇਰਾ ਬਾਬਾ ਨਾਨਕ ਪੁਲਿਸ ਨੇ ਇਨਸਾਨੀਅਤ ਦੀ ਮਿਸਾਲ ਪੈਦਾ ਕਰ ਕੇ  ਲੜਕੀ ਦੇ ਘਰਵਾਲਿਆਂ ਨਾਲ ਸੰਪਰਕ ਕਰ ਕੇ ਡੇਰਾ ਬਾਬਾ ਨਾਨਕ ਬੁਲਾਇਆ ਗਿਆ ਅਤੇ ਸਾਰੇ ਗਹਿਣੇ ਅਤੇ ਲੜਕੀ ਨੂੰ ਘਰਵਾਲਿਆਂ ਦੇ ਸਪੁਰਦ ਕਰ ਦਿਤਾ।