ਇਕ ਦਰਜਨ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਤੋਂ ਵੱਖ ਹੋਣ ਦਾ ਕੀਤਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਇਕ ਦਰਜਨ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਤੋਂ ਵੱਖ ਹੋਣ ਦਾ ਕੀਤਾ ਐਲਾਨ

image

ਚੰਡੀਗੜ੍ਹ, 7 ਮਾਰਚ (ਗੁਰਉਪਦੇਸ਼ ਭੁੱਲਰ) : ਸੰਯੁਕਤ ਸਮਾਜ ਮੋਰਚੇ ਵਲੋਂ ਸਿਆਸੀ ਤੌਰ 'ਤੇ ਅਪਣੀ ਸਰਗਰਮੀ ਜਾਰੀ ਰੱਖੇ ਜਾਣ ਅਤੇ ਕੋਰ ਕਮੇਟੀ ਬਣਾਉਣ ਦੇ ਫ਼ੈਸਲੇ ਬਾਅਦ 12 ਕਿਸਾਨ ਜਥੇਬੰਦੀਆਂ ਨੇ ਅਪਣੇ ਆਪ ਨੂੰ  ਇਸ ਮੋਰਚੇ ਤੋਂ ਵੱਖ ਕਰ ਲਿਆ ਹੈ | ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਵਿਚ ਹੋਈ ਇਨ੍ਹਾਂ ਜਥੇਬੰਦੀਆਂ ਦੀ ਮੀਟਿੰਗ ਨੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਹੋ ਕੇ ਐਮ.ਐਸ.ਪੀ. ਤੇ ਹੋਰ ਰਹਿੰਦੀਆਂ ਮੰਗਾਂ ਲਈ 11 ਤੋਂ 17 ਅਪ੍ਰੈਲ ਤਕ ਮਨਾਏ ਜਾ ਰਹੇ ਪ੍ਰਚਾਰ ਹਫ਼ਤੇ ਦੇ ਪ੍ਰੋਗਰਾਮਾਂ ਨੂੰ  ਸਫ਼ਲ ਕਰਨ ਦਾ ਫ਼ੈਸਲਾ ਕੀਤਾ ਹੈ |
ਮੀਟਿੰਗ ਵਿਚ ਪੰਜਾਬ 'ਚ ਖੇਤੀ ਮੋਟਰਾਂ ਦੀ ਬਿਜਲੀ ਦੇ ਲੱਗ ਰਹੇ ਕੱਟ ਦੀ ਸਥਿਤੀ ਉਪਰ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਖੇਤੀ ਮੋਟਰਾਂ ਨੂੰ  ਪ੍ਰਤੀ ਦਿਨ ਘੱਟੋ-ਘੱਟ 6 ਘੰਟੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ | ਮੀਟਿੰਗ ਨੇ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਡੀਜ਼ਲ ਪਟਰੌਲ ਅਤੇ ਗੈਸ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਬੇਤਹਾਸ਼ਾ ਵਾਧੇ ਨੂੰ  ਸਰਕਾਰਾਂ ਵਲੋਂ ਲੋਕਾਂ ਵਿਰੁਧ ਵਿਢਿਆ ਹਮਲਾ ਕਰਾਰ ਦਿੰਦੇ ਹੋਏ ਇਹ ਵਾਧਾ ਵਾਪਸ ਲੈਣ ਦੀ ਮੰਗ ਕੀਤੀ | ਦੇਸ਼ ਦੀ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਪਾਣੀ ਅਤੇ ਰੱਖ-ਰਖਾਅ ਦੇ ਅਧਿਕਾਰਾਂ ਤੇ ਡਾਕਾ ਮਾਰਨ ਦੇ ਇਰਾਦੇ ਨਾਲ ਲਿਆਉਂਦੇ ਡੈਮ ਸਕਿਉਰਟੀ ਐਕਟ 2021 ਨੂੰ  ਰੱਦ ਕਰਨ
ਦੀ ਮੰਗ ਦੇ ਨਾਲ-ਨਾਲ ਕੇਂਦਰੀਕਰਨ ਦੇ ਯਤਨਾਂ ਵਿਰੁਧ ਪਿੰਡ ਪੱਧਰ ਤੇ ਲਾਮਬੰਦੀ ਦੇ ਯਤਨ ਜਾਰੀ ਰੱਖਣ ਦਾ ਇਰਾਦਾ ਦੁਹਰਾਇਆ ਹੈ | 12 ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕਰਦੇ ਹੋਏ 11 ਅਪ੍ਰੈਲ ਨੂੰ  ਮੁੱਲਾਂਪੁਰ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਹੈ | ਕਿਸਾਨ ਮੋਰਚੇ ਦੀ ਏਕਤਾ ਲਈ ਜਨਤਕ ਕਿਸਾਨ ਜਥੇਬੰਦੀਆਂ ਨੂੰ  ਇਸ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਆਗੂਆਂ ਨੇ ਸਪੱਸ਼ਟ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਕਮੁਠ ਸੀ ਅਤੇ ਇਕਮੁਠ ਰਹੇਗਾ |
ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਰਾਮਿੰਦਰ ਸਿੰਘ ਪਟਿਆਲਾ, ਕੁਲ ਹਿੰਦ ਕਿਸਾਨ ਸਭਾ ਦੇ ਬਲਦੇਵ ਸਿੰਘ ਨਿਹਾਲਗੜ੍ਹ, ਲਖਵੀਰ ਸਿੰਘ ਇੰਡੀਅਨ ਫ਼ਾਰਮਰਜ਼ ਐਸੋਸੀਏਸ਼ਨ ਦੇ ਸਤਨਾਮ ਸਿੰਘ ਬਹਿਰੂ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਵੀਰਪਾਲ ਸਿੰਘ ਢਿੱਲੋਂ, ਬੀ.ਕੇ.ਯੂ. (ਦੋਆਬਾ) ਦੇ ਸਤਨਾਮ ਸਿੰਘ ਸਾਹਨੀ, ਦਵਿੰਦਰ ਸਿੰਘ ਸੰਧੂ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਡਾ. ਸਤਨਾਮ ਸਿੰਘ ਅਜਨਾਲਾ, ਜੈਪਾਲ ਸਿੰਘ, ਕੁਲ ਹਿੰਦ ਕਿਸਾਨ ਫ਼ੈਡਰੇਸ਼ਨ ਦੇ ਕਿਰਨਜੀਤ ਸਿੰਘ ਸੇਖੋਂ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁਕੇਸ਼ ਚੰਦਰ, ਰਾਜਵਿੰਦਰ ਸਿੰਘ, ਦੋਆਬਾ ਕਿਸਾਨ ਕਮੇਟੀ ਦੇ ਜੰਗਵੀਰ ਸਿੰਘ ਚੌਹਾਨ, ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਫੁਰਮਾਨ ਸਿੰਘ ਸੰਧੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੂਟਾ ਸਿੰਘ ਬੁਰਜ ਗਿੱਲ ਅਤੇ ਗੁਰਦੀਪ ਸਿੰਘ ਰਾਮਪੁਰਾ ਸ਼ਾਮਲ ਸਨ |