ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ASI ਇੱਜ਼ਤਪਾਲ ਸਿੰਘ ਨੂੰ ਮਿਲਿਆ ਪ੍ਰਸ਼ੰਸਾ ਪੱਤਰ
ਸਪੋਕਸਮੈਨ ਚੈਨਲ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ ਇੱਜ਼ਤਪਾਲ ਸਿੰਘ ਦੀ ਪੂਰੀ ਕਹਾਣੀ
1 ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖੀ ਸੀ ਸਪੋਕਸਮੈਨ ਚੈਨਲ 'ਤੇ ਨਸ਼ਰ ਕੀਤੀ ਇੱਜ਼ਤਪਾਲ ਸਿੰਘ ਦੀ ਕਹਾਣੀ
ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ) : ਪਿਛਲੇ ਦਿਨੀਂ ਗੁਰਦੁਆਰਾ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਕੋਲ ਚਾਟੀਵਿੰਡ ਚੌਕ ਵਿਖੇ ਤਾਇਨਾਤ ਇੱਜ਼ਤਪਾਲ ਸਿੰਘ ਨਾਮ ਦੇ ਟ੍ਰੈਫਿਕ ਏਐਸਆਈ ਦੀ ਸਟੋਰੀ ਨੂੰ ਰੋਜ਼ਾਨਾ ਸਪੋਕਸਮੈਨ ਚੈਨਲ ਵੱਲੋਂ ਪ੍ਰਮੁੱਖਤਾ ਦੇ ਨਾਲ ਦਿਖਾਇਆ ਗਿਆ ਸੀ। ਇੱਜ਼ਤਪਾਲ ਸਿੰਘ ਪਿਛਲੇ ਤਕਰੀਬਨ 7-8 ਮਹੀਨਿਆਂ ਤੋਂ ਚਾਟੀਵਿੰਡ ਚੌਕ ਵਿਖੇ ਤਾਇਨਾਤ ਹੈ ਅਤੇ ਆਪਣੇ ਮਿੱਠ ਬੋਲੜੇ ਸੁਭਾਅ ਦੇ ਚਲਦਿਆਂ ਉਹ ਸਭ ਲੋਕਾਂ ਦਾ ਹਰਮਨ ਪਿਆਰਾ ਬਣ ਚੁੱਕਿਆ ਹੈ।
ਇੱਜ਼ਤਪਾਲ ਸਿੰਘ ਸ਼ਹੀਦਾਂ ਸਾਹਿਬ ਨੂੰ ਆਉਣ ਵਾਲੇ ਲੋਕਾਂ ਦੇ ਨਾਲ ਬੜੀ ਹੀ ਨਿਮਰਤਾ ਅਤੇ ਮਿੱਠੀ ਬੋਲੀ ਦੀ ਵਰਤੋਂ ਕਰਦਾ ਹੈ। ਉਸ ਦੇ ਇਸੇ ਮਿਠਬੋਲੜੇ ਸੁਭਾਅ ਦੇ ਕਰਕੇ ਹੀ ਉਹ ਲੋਕਾਂ ਵਿੱਚ ਹਰਮਨ ਪਿਆਰੇ ਬਣੇ ਹੋਏ ਸਨ। ਏਐਸਆਈ ਇੱਜ਼ਤਪਾਲ ਸਿੰਘ ਤੋਂ ਕਈ ਸਮਾਜਿਕ ਸੁਸਾਇਟੀਆਂ ਤਾਂ ਇੰਨੀਆਂ ਪ੍ਰਭਾਵਤ ਹੋਈਆਂ ਹਨ ਕਿ ਉਹ ਆਉਂਦੇ ਜਾਂਦੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਸਨਮਾਨਤ ਕਰ ਜਾਂਦੀਆਂ ਸਨ।
ਰੋਜ਼ਾਨਾ ਸਪੋਕਸਮੈਨ 'ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਨੁਰਾਗ ਵਰਮਾ, ਆਈ.ਏ.ਐਸ, ਪ੍ਰਿੰਸਿਪਲ ਸੈਕਟਰੀ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਦੇ ਧਿਆਨ ਵਿੱਚ ਆਉਂਣ 'ਤੇ ਇਸ ਬਾਰੇ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਕੋਲੋਂ ਪਤਾ ਕੀਤਾ ਗਿਆ। ਜੋ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਵੱਲੋਂ ਇਸ ਮੁਲਾਜ਼ਮ ਦੀ ਵਧੀਆਂ ਡਿਊਟੀ ਕਰਕੇ ਇਸ ਨੂੰ ਪ੍ਰਸ਼ੰਸਾ ਪੱਤਰ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।
ਇਸ ਦੇ ਮੱਦੇਨਜ਼ਰ ਹੀ IAS ਅਨੁਰਾਗ ਵਰਮਾ, ਪ੍ਰਿੰਸਿਪਲ ਸੈਕਟਰੀ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗਨੇ ਏ.ਐਸ.ਆਈ/ਐਲ.ਆਰ. ਇੱਜ਼ਤਪਾਲ ਸਿੰਘ ਨੰਬਰ 1546/ਅੰਮ੍ਰਿ, ਦੀ ਹੌਸਲਾ ਅਫ਼ਜਾਈ ਲਈ ਇਕ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਹੈ। ਇਹ ਪ੍ਰਸ਼ੰਸਾ ਪੱਤਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਡਾ.ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ ਵੱਲੋ ਇੱਜ਼ਤਪਾਲ ਸਿੰਘ ਨੂੰ ਆਪਣੇ, ਦਫ਼ਤਰ ਵਿਖੇ ਦੇ ਕੇ ਸਨਮਾਨਿਤ ਕੀਤਾ ਗਿਆ।