ਭਾਜਪਾ ਆਗੂ ਡਾ. ਜਗਮੋਹਨ ਸਿੰਘ ਰਾਜੂ ਨੇ ਕੀਤੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
ਜਥੇਦਾਰ ਨੇ ਡਾ. ਰਾਜੂ ਨੂੰ ਸਿੱਖ ਮਾਮਲਿਆਂ ਨੂੰ ਕੇਂਦਰ ਤੋਂ ਸੁਲਝਾਉਣ ਲਈ ਆਪਣੀ ਭੂਮਿਕਾ ਅਦਾ ਕਰਨ ਲਈ ਕਿਹਾ
ਪ੍ਰਧਾਨ ਮੰਤਰੀ ਮੋਦੀ ਸਿੱਖ ਸਰੋਕਾਰਾਂ ਪ੍ਰਤੀ ਸਾਰਥਕ ਪਹੁੰਚ ਰੱਖਣ ਵਾਲੇ - ਡਾ. ਜਗਮੋਹਨ ਸਿੰਘ ਰਾਜੂ
ਆਗੂਆਂ ਵੱਲੋਂ ਪੰਜਾਬ ’ਚ ਕਿਰਤ ਸਭਿਆਚਾਰ ਦੇ ਲੁਪਤ ਹੋਣ ’ਤੇ ਗਹਿਰੀ ਚਿੰਤਾ ਪ੍ਰਗਟਾਈ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) : ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਵਿਖੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਤੇ ਵਿਸ਼ਵਾਸ ਪਾਤਰ ਭਾਜਪਾ ਦੇ ਸੀਨੀਅਰ ਆਗੂ ਡਾ: ਜਗਮੋਹਨ ਸਿੰਘ ਰਾਜੂ ਆਈ ਏ ਐੱਸ ਨੇ ਬੰਦ ਕਮਰੇ ’ਚ ਮੁਲਾਕਾਤ ਕੀਤੀ। ਮੀਟਿੰਗ ਵਿੱਚ ਭਾਜਪਾ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਕੰਵਰਬੀਰ ਸਿੰਘ ਮੰਜ਼ਿਲ ਵੀ ਮੌਜੂਦ ਰਹੇ।
ਇਸ ਮੌਕੇ ਜਥੇਦਾਰ ਸਾਹਿਬ ਅਤੇ ਡਾ: ਰਾਜੂ ਨੇ ਪੰਜਾਬ ’ਚ ਲੁਪਤ ਹੋ ਰਹੇ ਕਿਰਤ ਸਭਿਆਚਾਰ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਤੇ ਸਿੱਖ ਸਮਾਜ ਨੂੰ ਦਰਪੇਸ਼ ਮਸਲਿਆਂ ਬਾਰੇ ਡੂੰਘੀਆਂ ਵਿਚਾਰਾਂ ਹੋਈਆਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡਾ: ਰਾਜੂ ਨੂੰ ਸਿੱਖ ਮਾਮਲਿਆਂ ਨੂੰ ਕੇਂਦਰ ਸਰਕਾਰ ਤੋਂ ਹੱਲ ਕਰਾਉਣ ਵਿਚ ਦਿਲਚਸਪੀ ਦਿਖਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ, ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਡਾਂਗ ਮਾਰ ਸਮੇਤ ਵੱਖ-ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਸੰਬੰਧੀ ਮਾਮਲਿਆਂ ਨੂੰ ਤੁਰੰਤ ਹੱਲ ਕਰਾਉਣ ਪ੍ਰਤੀ ਆਪਣਾ ਅਹਿਮ ਤੇ ਸਾਰਥਿਕ ਭੂਮਿਕਾ ਅਦਾ ਕਰਨ ਲਈ ਕਿਹਾ। ਇਸ ਮੌਕੇ ਭਾਜਪਾ ਆਗੂ ਡਾ: ਜਗਮੋਹਨ ਸਿੰਘ ਰਾਜੂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖ ਸਰੋਕਾਰਾਂ ਪ੍ਰਤੀ ਉਸਾਰੂ ਪਹੁੰਚ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿੱਖਾਂ ਨਾਲ ਸਨੇਹ ਰੱਖਣ ਵਾਲਾ ਹੈ। ਕਰਤਾਰਪੁਰ ਲਾਂਘਾ ਖੋਲ੍ਹਣ, ਬੰਦੀ ਸਿੰਘ ਰਿਹਾਅ ਕਰਨ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਵੀਰ ਬਾਲ ਦਿਵਸ ਰਾਹੀਂ ਪੂਰੇ ਦੇਸ਼ ਅੰਦਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਦੇ ਵਰਤਾਰੇ ਨੂੰ ਜਾਣੂ ਕਰਾਉਣ ਦੇ ਉਪਰਾਲਿਆਂ ਤੋਂ ਇਲਾਵਾ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਨੂੰ ਦੇਸ਼ ਵਿਆਪੀ ਤੇ ਵੱਡੇ ਪੱਧਰ ’ਤੇ ਮਨਾਇਆ ਗਿਆ। ਅਤੇ ਹੁਣ ਤਿਲਕ ਜੰਝੂ ਦੀ ਰੱਖਿਆ ਲਈ ਲਾਸਾਨੀ ਰਾਖਿਆਂ ਦੇਣ ਵਾਲੇ ਸਤਿਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਭਾਰਤ ਸਰਕਾਰ ਦੁਆਰਾ 21 ਅਪ੍ਰੈਲ ਨੂੰ ਦੋ ਰੋਜ਼ਾ ਸਮਾਗਮ ਦਿਲੀ ਦੇ ਲਾਲ ਕਿਲ੍ਹੇ ਦੇ ਮੈਦਾਨ ਵਿਚ ਵਿਆਪਕ ਪੱਧਰ ’ਤੇ ਕਰਾਇਆ ਜਾ ਰਿਹਾ ਹੈ ਜਿਸ ਰਾਹੀਂ ਦੇਸ਼ ਦੇ ਕੋਨੇ-ਕੋਨੇ ’ਚ ਗੁਰੂ ਸਾਹਿਬਾਨ ਦਾ ਸੰਦੇਸ਼ ਪਹੁੰਚਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਨਿਮਾਣੇ ਸਿੱਖ ਵਜੋਂ ਮੰਗ ਪੱਤਰ ਦਿੰਦਿਆਂ ਧਿਆਨ ਦਿਵਾਇਆ ਗਿਆ ਕਿ ਨਿੱਜੀ ਟੀ ਵੀ ਚੈਨਲਾਂ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਤੋਂ ਗੁਰਬਾਣੀ ਕੀਰਤਨ ਤੋਂ ਇਲਾਵਾ ਰਹਿਰਾਸ ਸਾਹਿਬ ਉਪਰੰਤ ਅਰਦਾਸ ਦੇ ਪ੍ਰਸਾਰਨ ਦੌਰਾਨ ਇਹ ਆਮ ਦੇਖਿਆ ਜਾ ਰਿਹਾ ਹੈ ਕਿ ਬਜ਼ਾਰਾਂ ਦੁਕਾਨਾਂ, ਹੋਟਲਾਂ, ਢਾਬਿਆਂ ਅਤੇ ਆਮ ਪਬਲਿਕ ਸਥਾਨਾਂ ’ਤੇ ਲੱਗੇ ਟੀਵੀ ਆਦਿ ਵਿਚ ਸਕਰੀਨ ’ਤੇ ਅਰਦਾਸ ਹੋ ਰਹੀ ਹੁੰਦੀ ਹੈ ਅਤੇ ਆਮ ਲੋਕ ਅਰਦਾਸ ਦੀ ਮਹਾਨਤਾ ਪ੍ਰਤੀ ਅਗਿਆਨਤਾ ਵਸ ਆਪਣੇ ਕਾਰ ਵਿਹਾਰ ’ਚ ਲੱਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਰਦਾਸ ਦੀ ਅਜਿਹੀ ਅਣਦੇਖੀ ਅਤੇ ਅਰਦਾਸ ਦੀ ਮਹਾਨਤਾ ਦੇ ਪ੍ਰਤੀਕੂਲ ਪ੍ਰਚਲਣ ਨੂੰ ਉਚਿੱਤ ਨਹੀਂ ਕਿਹਾ ਜਾ ਸਕਦਾ। ਵੱਡੀ ਦੁੱਖ ਦੀ ਗਲ ਹੈ ਕਿ ਜਿਸ ਅਕਾਲ ਪੁਰਖ ਤੋਂ ਖ਼ੈਰ ਮੰਗਣੀ ਹੁੰਦੀ ਹੈ ਅਗਿਆਨਤਾ ਵਸ ਜਾਣੇ ਅਨਜਾਣੇ ਅਤੇ ਨਾਦਾਨੀ ’ਚ ਅਸੀਂ ਨਿਰਾਦਰੀ ਕਰਨ ਦੇ ਭਾਗੀਦਾਰ ਵੀ ਬਣ ਜਾਂਦੇ ਹਾਂ।
ਉਨ੍ਹਾਂ ਪੱਤਰ ਵਿਚ ਗੁਰਬਾਣੀ ਦੇ ਹਵਾਲਿਆਂ ਨਾਲ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਹੀ ਸਿੱਖਿਆ ਦਿੱਤੀ ਹੈ ਕਿ, ਖ਼ਸਮ ਹੁਕਮ ਨਾਲ ਨਹੀਂ, ਪਰ ਅਰਦਾਸ ਨਾਲ ਪਸੀਜਣ ਵਾਲੇ ਹਨ। ਅਰਦਾਸ ਕਰਨ ਤੋਂ ਪਹਿਲਾਂ ਮਨ ਵਿਚ ਹਲੀਮੀ ਭਾਵ ਪੈਦਾ ਕਰਨ ਅਤੇ ਆਪਣੇ ਆਪ ਨੂੰ ਅਕਾਲ ਪੁਰਖ ਅੱਗੇ ਸਮਰਪਿਤ ਕਰਨ ਦੀ ਲੋੜ ਹੈ। ਪਰਮਾਤਮਾ ਨੂੰ ਜ਼ੋਰ ਜਾਂ ਬਲ ਨਾਲ ਨਹੀਂ ਚਲਾਇਆ ਜਾ ਸਕਦਾ ਉਸ ਅੱਗੇ ਖੜੇ ਹੋਕੇ ਅਰਦਾਸ ਕਰਨੀ ਬਣਦੀ ਹੈ। ਅਰਦਾਸ ਦੀ ਯੋਗ ਮੁਦਰਾ ਇਹ ਦਸੀ ਹੈ ਕਿ ਖੜੇ ਹੋਕੇ ਦੋਵੇਂ ਹੱਥ ਜੋੜੇ ਜਾਣ ਅਤੇ ਮਨ ’ਚ ਹਲੀਮੀ ਲਿਆ ਕੇ ਅਰਜੋਈ ਕੀਤੀ ਜਾਵੇ। ਅਰਦਾਸ ਇਕਾਗਰ ਚਿੱਤ ਦੀ ਹੂਕ ਹੈ। ਇਹ ਇੱਕ ਜੋਦੜੀ ਹੈ,ਅਰਜੋਈ ਹੈ,ਪ੍ਰਾਰਥਨਾ ਹੈ।
ਇਹ ਦਿਖਾਵੇ ਦੀ ਕੋਈ ਰਸਮ ਨਹੀਂ ਹੈ ਸਗੋਂ ਅਰਦਾਸ ਲਈ ਮਨ ਦਾ ਟਿਕਾਓ, ਇਕਾਗਰਤਾ ਤੇ ਸਹਿਜ ਦੀ ਅਵਸਥਾ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ। ਇਹ ਇਕ ਕੇਂਦਰੀ ਬਿੰਦੂ ਸ੍ਰੀ ਅਕਾਲ ਪੁਰਖ ਵਲ ਧਿਆਨ ਕੇਂਦਰਿਤ ਕਰਦਿਆਂ ਪ੍ਰਭੂ ਦੇ ਅਤੁੱਟ ਪਿਆਰ ਸਨੇਹ ਅਤੇ ਭਾਓ ’ਚ ਉੱਤਰਨ ਦਾ ਇਕ ਅਤੀ ਸੂਖਮ ਤੇ ਪਵਿੱਤਰ ਕਰਮ-ਅਭਿਆਸ ਹੈ। ਇਹ ਹੀ ਕਾਰਨ ਹੈ ਕਿ ਸਿਦਕੀ ਸਿੱਖ ਅਰਦਾਸ ਦੇ ਨਿਸ਼ਚਿਤ ਸਮੇਂ ਜਿੱਥੇ ਵੀ ਹੋਣ ਗਲ ਵਿਚ ਪੱਲਾ ਪਾ ਕੇ ਅਰਦਾਸ ਵਿਚ ਜੁੜ ਜਾਂਦੇ ਸਨ। ਇਸੇ ਤਰ੍ਹਾਂ ਅਰਦਾਸ ਦੀ ਮਹਾਨਤਾ ਅਤੇ ਮਰਯਾਦਾ ਦੇ ਅਨੁਕੂਲ ਕੁਝ ਸਾਲ ਪਹਿਲਾਂ ਤਕ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅੰਦਰ ਅਰਦਾਸ ਦੇ ਵਕਤ ਬਾਹਰਲੇ ਸਪੀਕਰ ਬੰਦ ਕਰ ਦਿੱਤੇ ਜਾਂਦੇ ਸਨ।
ਬੇਸ਼ੱਕ ਹੁਣ ਅਜਿਹਾ ਭਾਵੇਂ ਨਹੀਂ ਹੁੰਦਾ। ਉਨ੍ਹਾਂ ਅਖੀਰ ’ਚ ਇਕ ਨਿਮਾਣੇ ਸਿੱਖ ਵਜੋਂ ਅਰਦਾਸ ਦੀ ਮਹਾਨਤਾ ਨੂੰ ਠੇਸ ਪਹੁੰਚਣ ਵਾਲੀ ਉਕਤ ਪ੍ਰਚਲਣ ਤੇ ਵਰਤਾਰੇ ਨੂੰ ਰੋਕਣ ਅਤੇ ਅਰਦਾਸ ਦੀ ਮਹਾਨਤਾ ਅਤੇ ਸਤਿਕਾਰ ਬਣਾਈ ਰੱਖਣ ਲਈ ਟੀ ਵੀ ਪ੍ਰਸਾਰਨ, ਉਨ੍ਹਾਂ ਦੇ ਅਧਿਕਾਰੀਆਂ - ਪ੍ਰਬੰਧਕਾਂ ਅਤੇ ਸੰਗਤ ਨੂੰ ਠੋਸ ਤੇ ਯੋਗ ਵਿਵਸਥਾ ਅਪਣਾਉਣ ਲਈ ਉਪਰਾਲਾ ਕਰਨ ਬਾਰੇ ਜਾਗਰੂਕ ਕਰਨ ਪ੍ਰਤੀ ਗੁਰਮਤਿ ਦੀ ਰੌਸ਼ਨੀ ’ਚ ਵਿਚਾਰਨ ਦੀ ਅਪੀਲ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ ਡਾ: ਰਾਜੂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵੀ ਮੁਲਾਕਾਤ ਕੀਤੀ ਅਤੇ ਵਿਚਾਰਾਂ ਕੀਤੀਆਂ।