ਕੱਚੇ ਅਧਿਆਪਕਾਂ ਨੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, 29 ਅ੍ਰਪੈਲ ਤੱਕ ਦਾ ਦਿੱਤਾ ਅਲਟੀਮੇਟਮ
30 ਅਪ੍ਰੈਲ ਨੂੰ ਮੁਹਾਲੀ ਵਿਚ ਕੀਤਾ ਜਾਵੇਗਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ
ਚੰਡੀਗੜ੍ਹ: ਕੱਚੇ ਅਧਿਆਪਕਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਕੱਚੇ ਅਧਿਆਪਕਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਹੈ ਕਿ ਜੇ ਹੁਣ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਲੰਬਾ ਸੰਘਰਸ਼ ਵਿੱਢਿਆ ਜਾਵੇਗਾ। ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਔਲਖ ਤੇ ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ 29 ਅਪ੍ਰੈਲ ਤੱਕ ਮੰਗਾਂ ਨਾ ਮੰਨੀਆਂ ਤਾਂ 30 ਅਪ੍ਰੈਲ ਨੂੰ ਮੁਹਾਲੀ ਵਿਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਅਧਿਆਪਕਾਂ ਨੂੰ 36,000 ਰੁਪਏ ਮਹੀਨਾ ਸਮੇਤ ਪੱਕਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਕੱਚੇ ਅਧਿਆਪਕਾਂ ਨੇ ਅਹਿਮ ਰੋਲ ਨਿਭਾਇਆ ਸੀ। ਹੁਣ ਸਰਕਾਰ ਨੂੰ ਵੀ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੁਹਾਲੀ ਵਿਚ ਅਧਿਆਪਕਾਂ ਦਾ ਇਕੋ ਧਰਨਾ ਸੀ ਜਿਸ ਵਿਚ ਚੋਣਾਂ ਸਮੇਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਸੀ ਤੇ ਉਸ ਸਮੇਂ ਕਿਹਾ ਸੀ ਕਿ ਸਭ ਤੋਂ ਪਹਿਲਾਂ ਅਧਿਆਪਕਾਂ ਨੂੰ ਹੀ ਪੱਕਾ ਕੀਤਾ ਜਾਵੇਗਾ
ਪਰ ਹੁਣ ਅਸੀਂ ਸਰਕਾਰ ਤੋਂ ਕਈ ਵਾਰ ਸਮਾਂ ਮੰਗਿਆ ਮੀਟਿੰਗ ਲਈ ਪਰ ਕੋਈ ਮੀਟਿੰਗ ਨਹੀਂ ਹੋਈ ਅਤੇ ਨਾ ਹੀ ਕੈਬਿਨਟ ਮੀਟਿੰਗਾਂ ਵਿਚ ਸਾਡੇ ਬਾਰੇ ਕੋਈ ਗੱਲ ਕੀਤੀ ਗਈ ਹੈ ਹਾਲਾਂਕਿ ਸਰਕਾਰ ਨੇ ਬਹੁਤ ਵਾਰ ਕੈਬਿਨਟ ਮੀਟਿੰਗ ਕਰ ਲਈ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵਾਂਗ ਇਸ ਸਰਕਾਰ ਦੇ ਮੁ4ਖ ਮੰਤਰੀ ਵੀ ਸਾਨੂੰ ਨਹੀਂ ਮਿਲਦੇ ਪਰ ਹੁਣ ਅਸੀਂ ਇਹਨਾਂ ਨੂੰ 29 ਤਾਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੈ ਤੇ ਜੇ ਮੰਗਾਂ ਨਾ ਪੂਰੀਆਂ ਹੋਈਆਂ ਤਾਂ 30 ਅ੍ਰਪੈਲ ਨੂੰ ਸੰਘਰਸ਼ ਸ਼ੁਰੂ ਹੋ ਜਾਵੇਗਾ।