ਚੀਨ ’ਚ ਕੋਰੋਨਾ ਮਹਾਮਾਰੀ ਦੇ ਕਾਰਨ ਅਰਥ-ਵਿਵਸਥਾ ਨੂੰ ਨੁਕਸਾਨ ਦਾ ਖ਼ਦਸ਼ਾ
ਚੀਨ ’ਚ ਕੋਰੋਨਾ ਮਹਾਮਾਰੀ ਦੇ ਕਾਰਨ ਅਰਥ-ਵਿਵਸਥਾ ਨੂੰ ਨੁਕਸਾਨ ਦਾ ਖ਼ਦਸ਼ਾ
10 ਸ਼ਹਿਰਾਂ ’ਚ ਲਾਕਡਾਊਨ ਲੱਗਾ ਹੋਇਆ ਹੈ ਅਤੇ 5 ਕਰੋੜ ਲੋਕ ਅਪਣੇ ਘਰਾਂ ’ਚ ਇਕ ਵਾਰ ਫਿਰ ਕੈਦ ਹੋ ਗਏ
ਬੀਜਿੰਗ, 7 ਅਪ੍ਰੈਲ : ਚੀਨ ’ਚ ਇਕ ਵਾਰ ਫਿਰ ਕੋਰੋਨਾ ਮਹਾਮਾਰੀ ਨੇ ਅਪਣਾ ਕਹਿਰ ਵਰਤਾ ਦਿਤਾ ਹੈ, ਇਸ ਵਾਰ ਚੀਨ ਦੇ ਦੂਰ-ਦੁਰਾਡੇ ਦੱਖਣੀ ਅਤੇ ਦੂਰ-ਦੁਰਾਡੇ ਉਤਰੀ ਹਿਸੇ ’ਚ ਕੋਰੋਨਾ ਨੇ ਕਹਿਰ ਮਚਾਇਆ ਹੈ, ਜਿਸ ਨਾਲ ਨਾ ਸਿਰਫ਼ ਚੀਨ ਦੀ ਅਰਥ-ਵਿਵਸਥਾ ਨੂੰ ਭਾਰੀ ਧੱਕਾ ਲੱਗਾ ਹੈ ਸਗੋਂ ਲੋਕਾਂ ਨੂੰ ਇਕ ਵਾਰ ਫਿਰ ਲਾਕਡਾਊਨ ’ਚ ਰਹਿਣਾ ਪੈ ਰਿਹਾ ਹੈ। ਚੀਨ ਦੇ ਸਰਕਾਰੀ ਅੰਕੜੇ ਸਿਰਫ਼ 5000 ਲੋਕਾਂ ਨੂੰ ਕੋਰੋਨਾ ਦੀ ਲਪੇਟ ’ਚ ਦੱਸ ਰਹੇ ਹਨ ਪਰ ਸਚਾਈ ਕੀ ਹੈ ਇਹ ਪੂਰੀ ਦੁਨੀਆਂ ਜਾਣਦੀ ਹੈ। ਚੀਨ ਦੀ ਕਮਿਊਨਿਸਟ ਸਰਕਾਰ ਦੇਸ਼ ਦਾ ਅਕਸ ਸੁਧਾਰਨ ਦੇ ਰੌਂਅ ’ਚ ਹਮੇਸ਼ਾ ਤਤਪਰ ਰਹਿੰਦੀ ਹੈ, ਫਿਰ ਭਾਵੇਂ ਇਸ ਦੇ ਲਈ ਕਮਿਊਨਿਸਟਾਂ ਨੂੰ ਝੂਠ ਹੀ ਕਿਉਂ ਨਾ ਬੋਲਣਾ ਪਵੇ ਉਹ ਡਟ ਕੇ ਬੋਲਦੇ ਹਨ ਪਰ ਸ਼ਾਨਹਾਈ ਦੇ ਇਕ ਵੈਰੋਲਾਜਿਸਟ ਨੇ ਸਰਕਾਰ ਨੂੰ ਨੀਂਦ ’ਚੋਂ ਜਾਗਣ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਇਹ ਸਮਾਂ ਦੁਨੀਆਂ ਦੇ ਸਾਹਮਣੇ ਝੂਠ ਬੋਲਣ ਦਾ ਨਹੀਂ ਹੈ ਸਗੋਂ ਤੇਜ਼ੀ ਨਾਲ ਮਹਾਮਾਰੀ ਨੂੰ ਕਾਬੂ ’ਚ ਕਰਨ ਲਈ ਰਣਨੀਤੀ ਬਣਾਉਣ ਦਾ ਹੈ। ਇਸ ਵਾਰ ਚੀਨ ’ਚ ਓਮੀਕ੍ਰਾਨ ਦਾ ਸਬ-ਵੇਰੀਐਂਟ ਜਿਸ ਨੂੰ ਬੀ. ਏ.2 ਓਮੀਕ੍ਰਾਨ ਨਾਂ ਦਿੱਤਾ ਗਿਆ ਹੈ। ਚੀਨ ’ਚ ਜਿੰਨੀ ਤੇਜ਼ੀ ਨਾਲ ਇਹ ਫੈਲ ਰਿਹਾ ਹੈ ਉਸ ਤੇਜ਼ ਰਫਤਾਰ ਨਾਲ ਚੀਨ ’ਚ ਪਿਛਲੇ 2 ਸਾਲਾਂ ’ਚ ਇਕ ਦਿਨ ’ਚ ਕਦੀ 5 ਹਜ਼ਾਰ ਕੋਰੋਨਾ ਕੇਸ ਸਾਹਮਣੇ ਨਹੀਂ ਆਏ। ਇਸ ਸਮੇਂ ਚੀਨ ਦੇ 10 ਸ਼ਹਿਰਾਂ ’ਚ ਲਾਕਡਾਊਨ ਲੱਗਾ ਹੋਇਆ ਹੈ ਅਤੇ 5 ਕਰੋੜ ਲੋਕ ਅਪਣੇ ਘਰਾਂ ’ਚ ਇਕ ਵਾਰ ਫਿਰ ਕੈਦ ਹੋ ਗਏ ਹਨ। ਇਸ ਵਾਰ ਕੋਰੋਨਾ ਦੇ ਨਵੇਂ ਮਾਮਲੇ ਬੀਜਿੰਗ, ਸ਼ਾਂਗਹਾਈ, ਕਵਾਂਗਤੁੰਗ, ਚਯਾਂਗਸੂ, ਸ਼ਆਨਤੁੰਗ ਤੇ ਚਚਯਾਂਗ ਸੂਬਿਆਂ ’ਚ ਫੈਲ ਗਏ ਹਨ। ਉਧਰ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਵਾਰ ਜੋ ਵੇਰੀਐਂਟ ਫੈਲਿਆ ਹੈ ਉਹ ਡੈਲਟਾ ਅਤੇ ਓਮੀਕ੍ਰਾਨ ਦਾ ਰਲਿਆ ਮਿਲਿਆ ਰੂਪ ਹੈ।
ਦੱਖਣ ਸਥਿਤ ਉਦਯੋਗਿਕ ਸ਼ਹਿਰ ਸ਼ਨਛਨ ਅਤੇ ਤੁੰਗਹੁਆਨ ਵਰਗੇ ਮਹੱਤਵਪੂਰਨ ਕੇਂਦਰਾਂ ’ਚ ਕੋਰੋਨਾ ਫੈਲਿਆ ਹੈ ਜਿਥੇ ਤਾਈਵਾਨ ਦੀਆਂ ਸੈਮੀਕੰਡਕਟਰ ਬਣਾਉਣ ਵਾਲੀਆਂ ਫ਼ਾਕਸਕਾਨ ਅਤੇ ਯੂਨੀਮਾਈਕ੍ਰਾਨ ਟੈਕਨਾਲੋਜੀ ਕਾਰਪ ਕੰਪਨੀਆਂ ਹਨ, ਇਹ ਦੋਵੇਂ ਹੀ ਕੰਪਨੀਆਂ ਐਪਲ ਲਈ ਯੰਤਰ ਬਣਾਉਂਦੀਆਂ ਹਨ। ਇਹ ਦੋਵੇਂ ਕੰਪਨੀਆਂ ਕੋਰੋਨਾ ਦੀ ਨਵੀਂ ਲਹਿਰ ਦੇ ਤਹਿਤ ਬੰਦ ਹਨ। ਇਸ ਤੋਂ ਇਲਾਵਾ ਟੋਯੋਟਾ, ਡੇਮਲਰ, ਜਨਰਲ ਮੋਟਰਜ਼, ਰੋਨੋਂ, ਹਾਂਡਾ, ਹੁੰਡਈ ਕੰਪਨੀਆਂ ਵੀ ਬੰਦ ਹਨ। ਸਟੈਂਡਰਡ ਐਂਡ ਪੂਅਜ਼ ਦੇ ਅੰਦਾਜ਼ੇ ਅਨੁਸਾਰ ਚੀਨ ਦੇ ਕਾਰ ਉਤਪਾਦਨ ’ਚ 15-20 ਫ਼ੀ ਸਦੀ ਤਕ ਦੀ ਗਿਰਾਵਟ ਆਉਣ ਦਾ ਖ਼ਦਸ਼ਾ ਹੈ। ਉਧਰ ਕਵਾਂਗਤੁੰਗ ਸੂਬੇ ’ਚ ਲੱਗੇ ਲਾਕਡਾਊਨ ਦਾ ਚੀਨ ਦੀ ਅਰਥ-ਵਿਵਸਥਾ ’ਤੇ ਸਿੱਧਾ ਅਤੇ ਬੁਰਾ ਅਸਰ ਪਵੇਗਾ ਕਿਉਂਕਿ ਕਵਾਂਗਤੁੰਗ ਸੂਬਾ ਚੀਨ ਦੇ ਕੁਲ ਘਰੇਲੂ ਉਤਪਾਦ ’ਚ 11 ਫ਼ੀ ਸਦੀ ਦਾ ਯੋਗਦਾਨ ਪਾਉਂਦਾ ਹੈ। ਚੀਨ ’ਤੇ ਇਸ ਵਾਰ ਦੇ ਲਾਕਡਾਊਨ ਦਾ ਅਸਰ ਆਰਥਿਕ ਵਿਕਾਸ ਦਰ ’ਤੇ ਪਵੇਗਾ। ਨੋਮੁਰਾ ਹੋਲਡਿੰਗਸ ਇੰਕ ਅਨੁਸਾਰ ਬੈਂਕਾਂ ਦੀ ਰਾਏ ’ਚ ਚੀਨ ਦਾ ਕੁੱਲ ਘਰੇਲੂ ਉਤਪਾਦਨ ਵਾਧਾ 4.3 ਫ਼ੀ ਸਦੀ ਰਹੇਗਾ ਜਿਸ ਦੇ ਬਾਰੇ ’ਚ ਪਹਿਲਾਂ ਅਰਥਸ਼ਾਸਤਰੀਆਂ ਦੀ ਰਾਏ 5. 2 ਫ਼ੀ ਸਦੀ ਸੀ। (ਏਜੰਸੀ)