ਆਈ.ਪੀ.ਐਲ : ਨਿਤੀਸ਼ ਰਾਣਾ ਨੂੰ ਲੱਗਾ ਮੈਚ ਫ਼ੀਸ ਦਾ 10 ਫ਼ੀ ਸਦੀ ਜੁਰਮਾਨਾ, ਬੁਮਰਾਹ ਨੂੰ ਮਿਲੀ ਚੇਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

ਆਈ.ਪੀ.ਐਲ : ਨਿਤੀਸ਼ ਰਾਣਾ ਨੂੰ ਲੱਗਾ ਮੈਚ ਫ਼ੀਸ ਦਾ 10 ਫ਼ੀ ਸਦੀ ਜੁਰਮਾਨਾ, ਬੁਮਰਾਹ ਨੂੰ ਮਿਲੀ ਚੇਤਾਵਨੀ

image

ਮੁੰਬਈ, 7 ਅਪ੍ਰੈਲ : ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਨਿਤੀਸ਼ ਰਾਣਾ ਨੂੰ ਮੁੰਬਈ ਇੰਡੀਅਨਜ਼ ਵਿਰੁਧ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਲੈਵਲ 1 ਦੇ ਅਪਰਾਧ ਲਈ ਉਸ ਦੀ ਮੈਚ ਫ਼ੀਸ ਦਾ 10 ਫ਼ੀ ਸਦੀ ਜੁਰਮਾਨਾ ਅਤੇ ਤਾੜਨਾ ਕੀਤੀ ਗਈ। ਉਥੇ ਹੀ ਮੁੰਬਈ ਇੰਡੀਅਨਜ਼ ਦੇ ਸੀਨੀਅਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਉਸੇ ਮੈਚ ਦੌਰਾਨ ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ਲਈ ਤਾੜਨਾ ਕੀਤੀ ਗਈ ਹੈ। ਨਾਈਟ ਰਾਈਡਰਜ਼ ਨੇ ਬੁੱਧਵਾਰ ਨੂੰ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਆਈ.ਪੀ.ਐਲ. ਪ੍ਰੈੱਸ ਰਿਲੀਜ਼ ਵਿਚ ਹਾਲਾਂਕਿ ਇਹ ਨਹੀਂ ਦਸਿਆ ਗਿਆ ਕਿ ਕਿਸ ਨਿਯਮ ਦੀ ਉਲੰਘਣਾ ਕੀਤੀ ਗਈ ਸੀ। ਪ੍ਰੈੱਸ ਰਿਲੀਜ਼ ਅਨੁਸਾਰ, ‘ਪੁਣੇ ਵਿਚ ਮੁੰਬਈ ਇੰਡੀਅਨਜ਼ ਵਿਰੁਧ ਮੈਚ ਦੌਰਾਨ ਆਈ.ਪੀ.ਐਲ. ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ਲਈ ਕੋਲਕਾਤਾ ਨਾਈਟ ਰਾਈਡਰਜ਼ ਦੇ ਨਿਤੀਸ਼ ਰਾਣਾ ਨੂੰ ਤਾੜਨਾ ਕੀਤੀ ਗਈ ਅਤੇ ਉਸ ਦੀ ਮੈਚ ਫ਼ੀਸ ਦਾ 10 ਫ਼ੀ ਸਦੀ ਜੁਰਮਾਨਾ ਲਗਾਇਆ ਗਿਆ।” ਬਿਆਨ ਵਿਚ ਕਿਹਾ ਗਿਆ ਹੈ, ‘ਰਾਣਾ ਨੇ ਆਈ.ਪੀ.ਐੱਲ. ਕੋਡ ਆਫ਼ ਕੰਡਕਟ ਦੇ ਤਹਿਤ ਲੈਵਲ 1 ਦਾ ਅਪਰਾਧ ਅਤੇ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ।” ਬੁਮਰਾਹ ਦੇ ਮਾਮਲੇ ’ਚ ਕੋਈ ਵਿੱਤੀ ਜ਼ੁਰਮਾਨਾ ਨਹੀਂ ਲੱਗਾ ਅਤੇ ਉਨ੍ਹਾਂ ਨੂੰ ਸਿਰਫ਼ ਚੇਤਾਵਨੀ ਦਿਤੀ ਗਈ। ਭਾਰਤੀ ਕ੍ਰਿਕਟ ਬੋਰਡ ਨੇ ਕਿਹਾ, ‘ਪੁਣੇ ’ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁਧ ਮੈਚ ਦੌਰਾਨ ਆਈ.ਪੀ.ਐਲ. ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ਲਈ ਮੁੰਬਈ ਇੰਡੀਅਨਜ਼ ਦੇ ਜਸਪ੍ਰੀਤ ਬੁਮਰਾਹ ਨੂੰ ਤਾੜਨਾ ਕੀਤੀ ਗਈ। ਬੁਮਰਾਹ ਨੇ ਆਈ.ਪੀ.ਐਲ. ਕੋਡ ਆਫ ਕੰਡਕਟ ਦੇ ਤਹਿਤ ਲੈਵਲ 1 ਦਾ ਅਪਰਾਧ ਅਤੇ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ।” ਕੋਡ ਆਫ਼ ਕੰਡਕਟ ਦੇ ਲੈਵਲ 1 ਦੀ ਉਲੰਘਣਾ ਲਈ, ਮੈਚ ਰੈਫ਼ਰੀ ਦਾ ਫ਼ੈਸਲਾ ਅੰਤਮ ਹੈ।  (ਏਜੰਸੀ)