CM ਮਾਨ ਦੀ ਪੇਸ਼ਕਸ਼ 'ਤੇ ਜਥੇਦਾਰ ਦਾ ਬਿਆਨ- ਚੈਨਲ ਸ਼ੁਰੂ ਕਰਨ ਲਈ ਕੇਂਦਰ ਤੋਂ ਮਨਜ਼ੂਰੀ ਲੈ ਕੇ ਦੇਵੇ ਪੰਜਾਬ ਸਰਕਾਰ
ਅੱਜ ਲਿਖਤੀ ਤੌਰ 'ਤੇ ਵੀ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜਿਆ ਗਿਆ ਹੈ ਕਿ ਉਹ ਗੁਰਬਾਣੀ ਪ੍ਰਸਾਰਨ ਲਈ ਆਪਣਾ ਚੈਨਲ ਜਲਦ ਲਾਂਚ ਕਰਨ।
ਅੰਮ੍ਰਿਤਸਰ - ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਇਹ ਸੁਝਾਅ ਦਿੱਤਾ ਗਿਆ ਸੀ ਕਿ ਉਹ ਗੁਰਬਾਣੀ ਦਾ ਪ੍ਰਸਾਰਨ ਅਪਣੇ ਹੱਥ ਵਿਚ ਲੈ ਲੈਣ ਤੇ ਗੁਰਬਾਣੀ ਦੇ ਲਾਈਵ ਪ੍ਰਸਾਰਨ ਲਈ ਉਹਨਾਂ ਨੂੰ ਆਪਣਾ ਚੈਨਲ ਲਾਂਚ ਕਰਨਾ ਚਾਹੀਦਾ ਹੈ। ਜਿਸ ਤੋਂ ਬਾਅਦ ਅੱਜ ਫਿਰ ਉਹਨਾਂ ਨੇ ਇਸ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਅੱਜ ਲਿਖਤੀ ਤੌਰ 'ਤੇ ਵੀ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜਿਆ ਗਿਆ ਹੈ ਕਿ ਉਹ ਗੁਰਬਾਣੀ ਪ੍ਰਸਾਰਨ ਲਈ ਆਪਣਾ ਚੈਨਲ ਜਲਦ ਲਾਂਚ ਕਰਨ।
ਉਹਨਾਂ ਕਿਹਾ ਕਿ ਜਿੰਨਾ ਸਮਾਂ ਇਹ ਕੰਮ ਨੇਪਰੇ ਨਹੀਂ ਚੜ੍ਹਦਾ ਉਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਆਈਟੀ ਵਿੰਗ ਯੂਟਿਉਬ ਚੈਨਲ 'ਤੇ ਗੁਰਬਾਣੀ ਦਾ ਪ੍ਰਸਾਰਨ ਸ਼ੁਰੂ ਕਰੇ। ਜਥੇਦਾਰ ਨੇ ਕਿਹਾ ਕਿ ਇਸ ਦੇ ਲਈ ਕਮੇਟੀ ਨੇ ਉਹਨਾਂ ਤੋਂ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ ਜਿਸ ਵਿਚ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਕੈਮਰੇ ਜਾਂ ਵਾਇਰਸ ਵਗੈਰਾ ਖਰੀਦਣੀਆਂ ਨੇ ਤੇ ਫਿਰ ਗੁਰਬਾਣੀ ਦਾ ਪ੍ਰਸਾਰਨ ਯੂਟਿਊਬ ਚੈਨਲ ਤੋਂ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਜਥੇਦਾਰ ਨੇ ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕੀਤੀ ਅਪੀਲ ਬਾਰੇ ਵੀ ਬਿਆਨ ਦਿੱਤਾ ਹੈ।
ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ ਪਰ ਸਿੱਖ ਸੰਸਥਾਵਾਂ ਕੋਲ ਪੈਸੇ ਦੀ ਕਮੀ ਨਹੀਂ ਹੈ, ਉਹਨਾਂ ਕਿਹਾ ਕਿ ਉਹਨਾਂ ਦੀ ਇੰਗਲੈਂਡ ਤੇ ਯੂਐੱਸਏ ਦੇ ਸਿੱਖਾਂ ਨਾਲ ਇਸ ਮਸਲੇ ਬਾਰੇ ਲੰਬੀ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਚੈਨਲ ਸ਼ੁਰੂ ਕਰਨ ਵਿਚ ਕੋਈ ਸਮੱਸਿਆ ਨਹੀਂ ਹੈ, ਸਮੱਸਿਆ ਹੈ ਤਾਂ ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਜੋ ਮਨਜੂਰੀ ਲੈਣੀ ਹੁੰਦੀ ਹੈ, ਸਾਨੂੰ ਉਹ ਮਨਜ਼ੂਰੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਮੇਰੀ ਮੁੱਖ ਮੰਤਰੀ ਅਪੀਲ ਹੈ ਕਿ ਜੇ ਉਹ ਮਦਦ ਕਰਨਾ ਚਾਹੁੰਦੇ ਹਨ ਤਾਂ ਉਹ ਕਮੇਟੀ ਨੂੰ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਤੋਂ ਮਨਜ਼ੂਰੀ ਲੈ ਕੇ ਦੇਣ। ਉਹਨਾਂ ਕਿਹਾ ਕਿ ਜੇ ਸਾਨੂੰ ਇਕ ਮਹੀਨੇ ਵਿਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਅਸੀਂ ਜਲਦ ਤੋਂ ਜਲਦ ਇਹ ਚੈਨਲ ਸ਼ੁਰੂ ਕਰ ਸਕੀਏ। ਜਥੇਦਾਰ ਨੇ ਕਿਹਾ ਕਿ ਇਹ ਗੱਲ ਜ਼ਿਆਦਾ ਵਧੀਆ ਹੋਵੇਗੀ ਕਿ ਜੇ ਅਸੀਂ 6 ਜੂਨ ਨੂੰ ਜੋ ਛੋਟੇ ਘੱਲੂਘਾਰੇ ਦਾ ਦਿਨ ਹੈ ਉਹ ਵੀ ਅਸੀਂ ਇਸ ਚੈਨਲ 'ਤੇ ਚਲਾ ਸਕੀਏ ਤੇ ਲੋਕਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾ ਸਕੀਏ।