ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਹਰਬੀਰ ਸੋਹਲ ਹਥਿਆਰਾਂ ਸਮੇਤ ਗ੍ਰਿਫ਼ਤਾਰ
ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦੇ ਮੁਕਾਬਲੇ 'ਚ ਮਾਰੇ ਜਾਣ ਮਗਰੋਂ ਇਹ ਗੀਤਕਾਰ/ਗਾਇਕ ਗੈਂਗਸਟਰ ਚਲ ਰਿਹਾ ਸੀ ਫਰਾਰ
ਵੱਡੀ ਮਾਤਰਾ ਵਿਚ ਅਸਲ ਵੀ ਹੋਇਆ ਬਰਾਮਦ
ਮੁਹਾਲੀ : ਸਥਾਨਕ ਪੁਲਿਸ ਨੂੰ ਗੈਂਗਸਟਰਾਂ ਵਿਰੁੱਧ ਚਲਾਈ ਮੁਹਿੰਮ ਵਿਚ ਵੱਡੀ ਸਫਲਤਾ ਹਾਸਲ ਹੋਈ ਹੈ। ਕਲਕੱਤਾ ਵਿਖੇ ਮਾਰੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ਦੇ ਬਹੁਤ ਹੀ ਕਰੀਬੀ ਗਾਇਕ ਤੇ ਗੀਤਕਾਰ ਗੈਂਗਸਟਰ ਸਾਥੀ ਹਰਬੀਰ ਸਿੰਘ ਸੋਹਲ ਨੂੰ ਵੱਡੀ ਗਿਣਤੀ ਵਿਚ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਐਸਐਸਪੀ ਐਸ.ਏ.ਐਸ. ਵਿਵੇਕਸ਼ੀਲ ਸੋਨੀ ਨੇ ਸ਼ੁੱਕਰਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਹਾਲੀ ਪੁਲਿਸ ਵੱਲੋਂ ਗੈਂਗਸਟਰਾਂ ਦੇ ਵੱਖ-ਵੱਖ ਗਰੁੱਪਾ ਵਿਰੁੱਧ ਚਲਾਈ ਹੋਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਜੂਨ 2021 ਵਿਚ ਪੰਜਾਬ ਪੁਲਿਸ ਦੀ ਇੰਨਪੁਟਸ 'ਤੇ ਕਲਕੱਤਾ ਵਿਖੇ ਮਾਰੇ ਗਏ A -ਕੈਟਾਗਿਰੀ ਦੇ ਬਦਨਾਮ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਸੋਹਲ ਨੂੰ ਦੋ 30 ਬੋਰ ਚਾਇਨੀ ਪਿਸਤੌਲ ਅਤੇ 7 ਮੈਗਜ਼ੀਨਾ ਅਤੇ ਐਮੁਨੀਸ਼ਨ ਸਮੇਤ ਉਸ ਦੇ ਲੁਕਣ ਟਿਕਾਣੇ ਤੋਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆ ਐਸਐਸਪੀ ਨੇ ਦੱਸਿਆ ਕਿ ਮੁਹਾਲੀ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਹਰਬੀਰ ਸੋਹਲ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਪਿੰਡੀ ਔਲਖ ਥਾਣਾ ਸੋਦਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਸੱਤਾ ਪੁੱਤਰ ਗੁਰਮੁੱਖ ਸਿੰਘ ਵਾਸੀ ਬਜੀਦਪੁਰ ਥਾਣਾ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਖਰੜ ਵਿਖੇ ਲੁਕਣ ਟਿਕਾਣੇ ਬਣਾਏ ਹੋਏ ਹਨ।
ਜਿਹਨਾਂ ਦੇ ਸਾਥੀ ਦੇ ਕੈਨੇਡਾ ਰਹਿੰਦੇ ਸਾਥੀ ਅਰਸਦੀਪ ਸਿੰਘ ਉਰਫ ਅਰਸ਼ ਡੱਲਾ ਪੁੱਤਰ ਚਰਨ ਸਿੰਘ ਵਾਸੀ ਪਿੰਡ ਡੱਲਾ ਜ਼ਿਲ੍ਹਾ ਮੋਗਾ ਅਤੇ ਆਸਟ੍ਰੇਲੀਆ ਰਹਿੰਦੇ ਸਾਥੀ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਸੋਹਾਵੀ ਥਾਣਾ ਖੇੜੀ ਨੌਧ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੈੱਟ ਕਾਲਿੰਗ ਰਾਹੀਂ ਇਹਨਾਂ ਦੇ ਗਰੁੱਪ ਨੂੰ ਚਲਾ ਰਹੇ ਹਨ। ਇਹ ਵੀ ਦੱਸਿਆ ਗਿਆ ਕਿ ਉਕਤ ਗੈਂਗਸਟਰ ਵਿਦੇਸ਼ਾਂ ਤੋਂ ਨੈੱਟ ਕਾਲਿੰਗ ਕਰਕੇ ਕਾਰੋਬਾਰੀਆਂ ਨੂੰ ਫਿਰੋਤੀਆ ਦੇਣ ਲਈ ਧਮਕੀਆਂ ਦਿੰਦੇ ਹਨ ਅਤੇ ਇਹਨਾਂ ਦੇ ਇਕ ਦੂਜੇ ਨੂੰ ਸੁਨੇਹਾ ਲਗਾ ਕੇ ਕੰਟਰੋਲ ਰੂਮ ਦਾ ਕੰਮ ਕਰਦੇ ਹਨ।
ਇਸ ਜਾਣਕਾਰੀ ਦੇ ਅਧਾਰ 'ਤੇ ਹਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਸੱਤਾ, ਅਸਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਗੁਰਜੰਟ ਸਿੰਘ ਜੰਟਾ ਤੇ ਇਹਨਾਂ ਦੇ ਹੋਰ ਸਾਥੀਆਂ ਵਿਰੁੱਧ ਮੁਕੱਦਮਾ ਨੰਬਰ 103 ਮਿਤੀ 07.04.2022 ਅ/ਧ 384,34 ਆਈ.ਪੀ.ਸੀ ਤੇ 25 ਸਬ ਸੈਕਸ਼ਨ 7,8 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਕੀਤਾ ਗਿਆ ਅਤੇ ਇਸ ਗਿਰੋਹ ਵਿਰੁੱਧ ਮਿਲੀ ਜਾਣਕਾਰੀ ਦੇ ਅਧਾਰ 'ਤੇ ਖੂਫੀਆ ਆਪ੍ਰੇਸ਼ਨ ਚਲਾਇਆ ਗਿਆ। ਟੈਕਨੀਕਲ ਤੇ ਜ਼ੁਬਾਨੀ ਮਿਲੀ ਗੁਪਤ ਸੂਚਨਾ 'ਤੇ ਬਰੀਕੀ ਨਾਲ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਕੁਲ ਮਿਤੀ 07.04.2022 ਨੂੰ ਭਾਗੋ ਮਾਜਰਾ ਖਾਲੀ ਫਲੈਟਾ ਤੋਂ ਹਰਬੀਰ ਸੋਹਲ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਿਸ ਕੋਲੋਂ ਦੋ 30 ਬੋਰ ਦੇ ਚੀਨੀ ਪਿਸਤੌਲ, 03 ਮੈਗਜ਼ੀਨ, ਚਾਰ 9 ਐਮ.ਐਮ ਪਿਸਤੌਲ ਦੇ ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਹੋਏ।
ਐਸਐਸਪੀ ਮੋਹਾਲੀ ਨੇ ਗ੍ਰਿਫਤਾਰ ਕੀਤੇ ਗਏ ਹਰਬੀਰ ਸਿੰਘ ਬਾਰੇ ਜਾਣਕਾਰੀ ਦਿੱਤੀ ਕਿ ਇਹ ਸ਼ਖਸ ਪੇਸ਼ੇ ਵਜੋਂ ਪੰਜਾਬੀ ਗੀਤਕਾਰ ਅਤੇ ਗਾਇਕ ਵੀ ਹੈ ਅਤੇ ਇਹ ਪੰਜਾਬ ਪੁਲਿਸ ਦੀ ਸੂਚਨਾ ਤੇ ਕਲਕੱਤਾ ਵਿਖੇ ਹੋਏ ਮੁਕਾਬਲੇ ਵਿਚ ਮਾਰੇ ਗਏ A ਕੈਟਾਗਿਰੀ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦਾ ਅਤੀ ਨੇੜਲਾ ਅਤੇ ਅਤੇ ਭਰੋਸੇਯੋਗ ਸਾਥੀ ਰਿਹਾ ਹੈ।
ਜੈਪਾਲ ਸਿੰਘ ਨੇ ਵੱਡੀਆਂ ਡਕੈਤੀਆ ਮਾਰ ਕੇ ਅਤੇ ਵੱਡੇ ਕਾਰੋਬਾਰੀਆਂ ਤੋਂ ਵੱਡੀਆਂ ਫਿਰੌਤੀਆਂ ਲੈ ਕੇ ਬਹੁਤ ਸਾਰੀ ਜਾਇਦਾਦਾਂ ਹਰਬੀਰ ਸਿੰਘ ਤੇ ਇਸ ਦੇ ਰਿਸ਼ਤੇਦਾਰਾ ਦੇ ਨਾਮ ਖਰੀਦੀਆਂ ਹੋਈਆਂ ਸਨ। ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਮੁਕਾਬਲੇ ਵਿਚ ਮਾਰੇ ਜਾਣ ਤੇ ਇਹ ਗੀਤਕਾਰ ਗਾਇਕ ਗੈਂਗਸਟਰ ਜੂਨ 2021 ਤੋਂ ਹੀ ਫਰਾਰ ਚਲ ਰਿਹਾ ਸੀ।
SSP ਸੋਨੀ ਨੇ ਅੱਗੇ ਦੱਸਿਆ ਕਿ ਹਰਬੀਰ ਸਿੰਘ ਨੂੰ ਮੁਕੱਦਮਾ ਨੰਬਰ 103/2022 ਅਧ 384,34 ਆਈ.ਪੀ.ਸੀ. 25 ਸਬ ਸੈਕਸ਼ਨ 7,8 ਅਸਲਾ ਐਕਟ ਥਾਣਾ ਸਿਟੀ ਖਰੜ ਵਿਚ ਗ੍ਰਿਫ਼ਤਾਰ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਡੂੰਘਾਈ ਨਾਲ ਪੁੱਛਗਿਛ ਜਾਰੀ ਹੈ। ਉਸ ਦੇ ਸਾਥੀਆਂ ਦੀ ਭਾਲ ਵਿਚ ਪੁਲਿਸ ਪਾਰਟੀਆਂ ਵੱਖ-ਵੱਖ ਥਾਵਾਂ ਤੇ ਭੇਜੀਆਂ ਗਈਆਂ ਹਨ। ਪੁਲਿਸ ਨੂੰ ਹਰਬੀਰ ਸਿੰਘ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।