ਪੰਜਾਬ ਕਾਂਗਰਸ ਦਾ ਮਹਿੰਗਾਈ ਵਿਰੋਧੀ ਪ੍ਰਦਰਸ਼ਨ ਆਪਸੀ ਤੰੂ-ਤੰੂ ਮੈਂ-ਮੈਂ 'ਚ ਵਿਚ ਵਿਚਾਲੇ ਹੀ ਖ਼ਤਮ ਹੋਇਆ
ਪੰਜਾਬ ਕਾਂਗਰਸ ਦਾ ਮਹਿੰਗਾਈ ਵਿਰੋਧੀ ਪ੍ਰਦਰਸ਼ਨ ਆਪਸੀ ਤੰੂ-ਤੰੂ ਮੈਂ-ਮੈਂ 'ਚ ਵਿਚ ਵਿਚਾਲੇ ਹੀ ਖ਼ਤਮ ਹੋਇਆ
ਗਵਰਨਰ ਹਾਊਸ ਵਲ ਮਾਰਚ 'ਚ ਸ਼ਾਮਲ ਨਾ ਹੋਏ ਪ੍ਰਮੁੱਖ ਆਗੂ ਅਤੇ ਇਕੱਲੇ ਨਵਜੋਤ ਸਿੱਧੂ ਨੂੰ ਹੀ ਪੁਲਿਸ ਬੈਰੀਕੇਡ ਤਕ ਜਾਣਾ ਪਿਆ
ਚੰਡੀਗੜ੍ਹ, 7 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਵਲੋਂ ਅੱਜ ਇਥੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਦਿਤਾ ਗਿਆ ਰਾਜ ਪਧਰੀ ਧਰਨਾ ਤੇ ਰੋਸ ਪ੍ਰਦਰਸ਼ਨ ਆਗੂਆਂ ਦੀ ਧੜੇਬੰਦੀ ਕਾਰਨ ਵਿਚ ਵਿਚਾਲੇ ਹੀ ਖ਼ਤਮ ਹੋ ਗਿਆ |
ਇਸ ਧਰਨੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੱਧੂ ਸਮੇਤ ਪਾਰਟੀ ਦੇ ਹੋਰ ਪ੍ਰਮੁੱਖ ਆਗੂ, ਸਾਬਕਾ ਮੰਤਰੀ ਤੇ ਵਿਧਾਇਕ ਵੀ ਸ਼ਾਮਲ ਸਨ | ਪੰਜਾਬ ਕਾਂਗਰਸ ਭਵਨ ਵਿਚ ਧਰਨੇ ਤੋਂ ਬਾਅਦ ਗਵਰਨਰ ਹਾਊਸ ਵਲ ਰੋਸ ਮਾਰਚ ਦਾ ਪ੍ਰੋਗਰਾਮ ਸੀ ਪਰ ਚਲਦੇ ਧਰਨੇ ਦੌਰਾਨ ਹੀ ਨਵਜੋਤ ਸਿੱਧੂ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਵਿਚਕਾਰ ਹੋਈ ਤਕਰਾਰਬਾਜ਼ੀ ਕਾਰਨ ਧਰਨਾ ਵਿਚੋਂ ਹੀ ਖ਼ਤਮ ਕਰ ਕੇ ਪ੍ਰਮੁੱਖ ਆਗੂ ਪਾਸੇ ਹੋ ਗਏ | ਇਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਦੋ ਦਰਜਨ ਦੇ ਕਰੀਬ
ਵਰਕਰਾਂ ਨਾਲ ਇਕੱਲਿਆਂ ਹੀ ਪੁਲਿਸ ਦੇ ਬੈਰੀਕੇਡ ਤਕ ਜਾਣਾ ਪਿਆ | ਉਥੇ ਸੰਕੇਤਕ ਧਰਨਾ ਦੇ ਕੇ ਸਿੱਧੂ ਗੱਡੀ ਵਿਚ ਸਵਾਰ ਹੋ ਕੇ ਚਲੇ ਗਏ | ਪੰਜਾਬ ਕਾਂਗਰਸ ਭਵਨ ਵਿਚ ਲੱਗੇ ਧਰਨੇ ਵਿਚ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਆਦਿ ਵੀ ਮੌਜੂਦ ਸਨ |
ਧਰਨੇ ਵਿਚ ਜਿਉਂ ਹੀ ਨਵਜੋਤ ਸਿੱਧੂ ਨੇ ਭਾਸ਼ਨ ਸ਼ੁਰੂ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਬੇਈਮਾਨ ਆਗੂਆਂ ਕਾਰਨ ਚੋਣਾਂ ਵਿਚ ਇਹ ਹਾਲਤ ਹੋਈ ਹੈ | ਇਸ 'ਤੇ ਵਰਿੰਦਰ ਢਿੱਲੋਂ ਨੇ ਉਠ ਕੇ ਖੜੇ ਹੋ ਕੇ ਪੁਛਿਆ ਕਿ ਬੇਈਮਾਨ ਆਗੂਆਂ ਦੇ ਨਾਂ ਦਸੇ ਜਾਣ ਅਤੇ ਸੱਭ 'ਤੇ ਉਂਗਲ ਚੁਕਣੀ ਠੀਕ ਨਹੀਂ | ਸਿੱਧੂ ਨੇ ਨਾਂ ਦਸਣ ਤੋਂ ਇਨਕਾਰ ਕੀਤਾ ਪਰ ਢਿੱਲੋਂ ਅੜੇ ਰਹੇ ਕਿ ਨਾਂ ਦਸੋ ਨਹੀਂ ਤਾਂ ਡਰਾਮੇ ਕਰਨ ਦਾ ਕੋਈ ਮਤਲਬ ਨਹੀਂ | ਇਸ ਬਹਿਸਬਾਜ਼ੀ ਦੌਰਾਨ ਸਿੱਧੂ ਭਾਸ਼ਨ ਵਿਚੇ ਹੀ ਖ਼ਤਮ ਕਰ ਗਏ ਤੇ ਧਰਨਾ ਵੀ ਉਖੜ ਗਿਆ | ਨਵਜੋਤ ਸਿੱਧੂ ਨੂੰ ਕੁੱਝ ਵਰਕਰਾਂ ਨੇ ਵੀ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰੌਲੇ ਰੱਪੇ ਵਿਚ ਕੋਈ ਜਵਾਬ ਨਹੀਂ ਮਿਲਿਆ | ਇਸ ਤਰ੍ਹਾਂ ਕਾਂਗਰਸ ਦੇ ਮਹਿੰਗਾਈ ਵਿਰੋਧੀ ਧਰਨੇ ਵਿਚ ਪਾਰਟੀ ਦੀ ਅੰਦਰੂਨੀ ਫੁੱਟ ਖੁਲ੍ਹ ਕੇ ਸਾਹਮਣੇ ਆ ਗਈ |
ਡੱਬੀ
ਪਾਰਟੀ ਨੂੰ ਤਮਾਸ਼ਾ ਨਾ ਬਣਾਉੁ, ਹਾਈਕਮਾਨ ਧਿਆਨ ਦੇਵੇ : ਰੰਧਾਵਾ
ਅੱਜ ਪੰਜਾਬ ਕਾਂਗਰਸ ਦੇ ਮਹਿੰਗਾਈ ਵਿਰੋਧੀ ਧਰਨੇ ਵਿਚ ਹੋਏ ਆਪਸੀ ਤੰੂ ਤੰੂ ਮੈਂ ਮੈਂ ਦੇ ਘਟਨਾਕ੍ਰਮ 'ਤੇ ਦੁੱਖ ਪ੍ਰਗਟ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਹਾਈਕਮਾਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪਾਰਟੀ ਨੂੰ ਇਸ ਤਰ੍ਹਾਂ ਤਮਾਸ਼ਾ ਨਾ ਬਣਾਉ | ਪੰਜਾਬ ਕਾਂਗਰਸ ਨੂੰ ਲਾਵਾਰਸ ਨਾ ਛੱਡੋ ਅਤੇ ਇਸ ਵਲ ਧਿਆਨ ਦਿਤਾ ਜਾਵੇ | ਉਨ੍ਹਾਂ ਕਿਹਾ ਕਿ ਇੰਨੀ ਵੱਡੀ ਹਾਰ ਤੋਂ ਬਾਅਦ ਵੀ ਪਾਰਟੀ ਆਗੂਆਂ ਵਲੋਂ ਇਸ ਤਰ੍ਹਾਂ ਲੜਨਾ ਸ਼ਰਮਨਾਕ ਹੈ |
ਡੱਬੀ
ਆਗੂ ਹਾਰ ਤੋਂ ਸਬਕ ਸਿਖਣ : ਰਾਜਾ ਵੜਿੰਗ
ਸਾਬਕਾ ਮੰਤਰੀ ਰਾਜਾ ਵੜਿੰਗ ਨੇ ਵੀ ਅੱਜ ਧਰਨੇ ਵਿਚ ਹੋਈ ਤਕਰਾਰਬਾਜ਼ੀ ਬਾਰੇ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਦੀ ਥਾਂ ਸਾਨੂੰ ਹਾਰ ਤੋਂ ਸਬਕ ਸਿਖ ਕੇ ਅੱਗੇ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ | ਇਕ ਦੂਜੇ ਵਿਰੁਧ ਤੋਹਮਤਬਾਜ਼ੀ ਦਾ ਇਹ ਸਮਾਂ ਨਹੀਂ ਅਤੇ ਹਾਰ ਲਈ ਕੋਈ ਇਕ ਆਗੂ ਜ਼ਿੰਮੇਵਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਰੇ ਪ੍ਰਮੁੱਖ ਆਗੂਆਂ ਨੂੰ ਇਕੱਠੇ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ ਭਵਿੱਖ ਵਿਚ ਹੋਰ ਨੁਕਸਾਨ ਹੋਵੇਗਾ |