ਕੇਂਦਰੀ ਸਿੱਖ ਅਜਾਇਬ ਘਰ ’ਚ ਲਗਾਈ ਗਈ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਤਸਵੀਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਡਵੋਕੇਟ ਧਾਮੀ ਅਤੇ ਗਿਆਨੀ ਬਲਜੀਤ ਸਿੰਘ ਨੇ ਤਸਵੀਰ ਤੋਂ ਹਟਾਇਆ ਪਰਦਾ

Portrait of Maharaja Ripudaman Singh Nabha displayed at Central Sikh Museum

ਐਡਵੋਕੇਟ ਧਾਮੀ ਅਤੇ ਗਿਆਨੀ ਬਲਜੀਤ ਸਿੰਘ ਨੇ ਤਸਵੀਰ ਤੋਂ ਹਟਾਇਆ ਪਰਦਾ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੀ ਤਸਵੀਰ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। 

ਮਹਾਰਾਜਾ ਰਿਪੁਦਮਨ ਸਿੰਘ ਨੇ ਪੰਥਕ ਸੋਚ ’ਤੇ ਪਹਿਰਾ ਦਿੰਦਿਆਂ ਆਪਣੇ ਜੀਵਨ ਅੰਦਰ ਕਈ ਅਹਿਮ ਕਾਰਜ ਕੀਤੇ ਸਨ। ਉਨ੍ਹਾਂ ਨੇ ਸੰਨ 1909 ਵਿਚ ਅਨੰਦ ਮੈਰਿਜ ਐਕਟ ਪਾਸ ਕਰਵਾਉਣ ਵਿਚ ਅਹਿਮ ਯੋਗਦਾਨ ਪਾਇਆ। ਇਸ ਦੇ ਨਾਲ ਹੀ ਸਾਕਾ ਸ੍ਰੀ ਨਨਕਾਣਾ ਸਾਹਿਬ ਸਮੇਂ ਸ਼੍ਰੋਮਣੀ ਕਮੇਟੀ ਦੇ ਸੱਦੇ ’ਤੇ ਕਾਲੀਆਂ ਦਸਤਾਰਾਂ ਬੰਨ੍ਹ ਕੇ ਰੋਸ ਪ੍ਰਗਟ ਕਰਨ ਵਾਲਿਆਂ ਵਿਚ ਵੀ ਮਹਾਰਾਜਾ ਨਾਭਾ ਸ਼ਾਮਲ ਸਨ। ਉਨ੍ਹਾਂ ਦੀਆਂ ਪੰਥਕ ਸੇਵਾਵਾਂ ਬਦਲੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਉਨ੍ਹਾਂ ਦੀ ਤਸਵੀਰ ਨੂੰ ਥਾਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਮੰਤਰੀ ਅਮਨ ਅਰੋੜਾ ਵੱਲੋਂ ਸੇਵਾ ਕੇਂਦਰਾਂ 'ਚ ਕਿਸੇ ਨੂੰ ਵੀ ਟੋਕਨ ਤੋਂ ਬਗ਼ੈਰ ਕੋਈ ਸੇਵਾ ਨਾ ਦੇਣ ਦੇ ਨਿਰਦੇਸ਼

ਤਸਵੀਰ ਸੁਸ਼ੋਭਿਤ ਕਰਨ ਸਬੰਧੀ ਰੱਖੇ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦਾ ਪੰਥਕ ਸੇਵਾਵਾਂ ਵਿਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਤਾਜ਼ਪੋਸ਼ੀ ਦੌਰਾਨ ਮਹਾਰਾਜਾ ਰਿਪੁਦਮਨ ਸਿੰਘ ਨੇ ਅੰਗਰੇਜ਼ਾਂ ਦੀਆਂ ਰਵਾਇਤਾਂ ਦੀ ਥਾਂ ਗੁਰਮਤਿ ਦੀ ਵਿਧੀ ਨੂੰ ਤਰਜੀਹ ਦਿੱਤੀ ਅਤੇ ਇਸੇ ਤਰ੍ਹਾਂ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਰੋਸ ਵਜੋਂ ਕਾਲੀ ਦਸਤਾਰ ਸਜਾਉਣ ਦੇ ਨਾਲ-ਨਾਲ ਅਰਦਾਸ ਵਾਲੇ ਦਿਨ ਨਾਭਾ ਰਿਆਸਤ ’ਚ ਛੁੱਟੀ ਦਾ ਐਲਾਨ ਕੀਤਾ। 

ਇਸੇ ਕਰ ਕੇ ਹੀ ਉਹ ਅੰਗਰੇਜ਼ ਹਕੂਮਤ ਨੂੰ ਰੜਕਦੇ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਥਕ ਸੋਚ ਹੋਣ ਕਰਕੇ ਹੀ ਮਹਾਰਾਜਾ ਨਾਭਾ ਨੂੰ ਅੰਗਰੇਜ਼ ਹਕੂਮਤ ਨੇ ਬਹਾਨਾ ਬਣਾ ਕੇ ਜ਼ਰਬਦਸਤੀ ਗੱਦੀਉਂ ਲਾਹਿਆ ਸੀ, ਜਿਸ ਦੇ ਰੋਸ ਵਜੋਂ ਸਿੱਖ ਪੰਥ ਨੇ ਮੋਰਚਾ ਲਗਾਇਆ। ਸ਼੍ਰੋਮਣੀ ਕਮੇਟੀ ਇਸ ਪੰਥਕ ਸ਼ਖ਼ਸੀਅਤ ਨੂੰ ਸਤਿਕਾਰ ਭੇਟ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ।

ਇਸ ਮੌਕੇ ਮਹਾਰਾਜਾ ਸ. ਰਿਪੁਦਮਨ ਸਿੰਘ ਦੇ ਪਰਿਵਾਰ ਵਿੱਚੋਂ ਬੀਬੀ ਪ੍ਰੀਤੀ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਪੁਰਖਿਆ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਨਾਭਾ ਨੇ ਕਾਲੇ ਪਾਣੀ ਦੀ ਸਜ਼ਾ ਤਾਂ ਪ੍ਰਵਾਨ ਕੀਤੀ, ਪਰ ਅੰਗਰੇਜ਼ਾਂ ਨੂੰ ਮੁਆਫ਼ੀਨਾਮਾ ਨਹੀਂ ਲਿਖ ਕੇ ਦਿੱਤਾ। ਸਮਾਗਮ ’ਚ ਪੁੱਜੇ ਮਹਾਰਾਜਾ ਨਾਭਾ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।