ਦਾਦੇ ਦੇ ਭੋਗ 'ਤੇ ਗਿਆ ਪਰਿਵਾਰ ਤਾਂ ਪਿੱਛੋਂ ਘਰ ਲੁੱਟ ਕੇ ਲੈ ਗਏ ਲੁਟੇਰੇ
5 ਲੱਖ ਰੁਪਏ ਨਕਦੀ ਸਮੇਤ ਸੋਨੇ ਦੇ ਗਹਿਣੇ ਲੈ ਕੇ ਰਫ਼ੂ-ਚੱਕਰ ਹੋਏ ਚੋਰ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਅੱਜੋਵਾਲ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੀਤੇ ਕੱਲ੍ਹ ਚੋਰਾਂ ਵਲੋਂ ਵੇਰਕਾ ਮਿਲਕ ਪਲਾਂਟ ਨਜ਼ਦੀਕ ਸਥਿਤ ਇਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਇਸ ਘਟਨਾ ਨਾਲ ਪਰਿਵਾਰ ਦਾ ਕੁੱਲ 10 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਦਿਨ-ਦਿਹਾੜੇ ਬਜ਼ੁਰਗ 'ਤੇ ਜਾਨਲੇਵਾ ਹਮਲਾ, ਅੰਨ੍ਹੇਵਾਹ ਨੌਜਵਾਨਾਂ ਵੱਲੋਂ ਮਾਰੀਆਂ ਗਈਆਂ ਬਜ਼ੁਰਗ 'ਤੇ ਕੱਚ ਦੀਆਂ ਬੋਤਲਾਂ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਚਰਨਜੀਤ ਸਿੰਘ ਪੁੱਤਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦੂਜਾ ਘਰ ਸਲਵਾੜਾ ਮੁਹੱਲੇ 'ਚ ਹੈ ਤੇ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਦਾਦੇ ਦੀ ਮੌਤ ਹੋ ਗਈ ਸੀ ਜਿਸ ਕਾਰਨ ਉਹ ਉਥੇ ਪਰਿਵਾਰ ਸਮੇਤ ਭੋਗ 'ਤੇ ਗਏ ਸਨ।
ਇਹ ਵੀ ਪੜ੍ਹੋ: ਟ੍ਰੈਫ਼ਿਕ ਨਿਯਮਾਂ ਨੂੰ ਲੈ ਕੇ ਸਖ਼ਤ ਹੋਈ ਅੰਮ੍ਰਿਤਸਰ ਪੁਲਿਸ, ਨਿਯਮਾਂ ਦਾ ਉਲੰਘਣ ਕਰਨ 'ਤੇ ਹੋਵੇਗੀ ਕਾਨੂੰਨੀ ਕਾਰਵਾਈ
ਉਨ੍ਹਾਂ ਦੱਸਿਆ ਕਿ ਜਦੋਂ ਬੀਤੀ ਰਾਤ ਕਰੀਬ ਸਾਢੇ 8 ਵਜੇ ਉਹ ਘਰ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ 'ਚੋਂ ਲੱਖਾਂ ਦੀ ਨਕਦੀ ਸਮੇਤ ਸੋਨੇ ਦੇ ਗਹਿਣੇ ਵੀ ਗਾਇਬ ਸਨ। ਚਰਨਜੀਤ ਸਿੰਘ ਨੇ ਦੱਸਿਆ ਕਿ ਚੋਰ ਘਰ 'ਚੋਂ 5 ਲੱਖ ਦੇ ਕਰੀਬ ਦੀ ਨਕਦੀ, 200 ਡਾਲਰ ਵਿਦੇਸ਼ੀ ਕਰੰਸੀ ਤੋਂ ਇਲਾਵਾ 10 ਤੋਂ 12 ਤੋਲੇ ਸੋਨੇ ਦੇ ਗਹਿਣੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਨ੍ਹਾਂ ਦਾ 10 ਲੱਖ ਰੁਪਏ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ।ਦੂਜੇ ਪਾਸੇ ਥਾਣਾ ਸਦਰ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।